ਬਟਾਲਾ, 27 ਫਰਵਰੀ (ਸਤਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜੋਬਨ ਰੰਧਾਵਾ ਨੇ ਰਾਊਜ਼ ਐਵੇਨਿਊ ਅਦਾਲਤ ਵਲੋਂ ਦਿੱਲੀ ਆਬਕਾਰੀ ਨੀਤੀ 2021-22 ਨਾਲ ਜੁੜੇ ਕਥਿਤ ਘੁਟਾਲੇ 'ਚ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਸਾਬਕਾ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕੁੱਲ 23 ਮੁਲਜ਼ਮਾਂ ਨੂੰ ਬਰੀ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਸੀ.ਬੀ.ਆਈ. ਵਲੋਂ ਦਾਇਰ ਚਾਰਜਸੀਟ ਵਿਚ ਕੋਈ ਠੋਸ ਸਬੂਤ ਨਾ ਹੋਣ ਤੇ ਕਥਿਤ ਸਾਜਿਸ਼ ਜਾਂ ਅਪਰਾਧਿਕ ਇਰਾਦੇ ਦੀ ਗੈਰ-ਹਾਜ਼ਰੀ ਨੂੰ ਆਧਾਰ ਬਣਾਉਂਦਿਆਂ ਇਹ ਫੈਸਲਾ ਸੁਣਾਇਆ ਹੈ | ਅਦਾਲਤ ਨੇ ਸੀਬੀਆਈ ਦੀ ਜਾਂਚ 'ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਚਾਰਜਸੀਟ ਵਿਚ ਬਹੁਤ ਸਾਰੀਆਂ ਕਮੀਆਂ ਹਨ ਅਤੇ ਗਵਾਹਾਂ ਜਾਂ ਬਿਆਨਾਂ ਨਾਲ ਕੋਈ ਸਮਰਥਨ ਨਹੀਂ ਮਿਲਦਾ | ਅਦਾਲਤ ਨੇ ਕਿਹਾ ਕਿ ਇਸ ਨੀਤੀ ਵਿਚ ਕੋਈ ਵੱਡੀ ਸਾਜਿਸ਼ ਜਾਂ ਅਪਰਾਧਿਕ ਇਰਾਦਾ ਸਾਬਤ ਨਹੀਂ ਹੋਇਆ | ਜੋਬਨ ਰੰਧਾਵਾ ਨੇ ਇਸ ਫੈਸਲੇ ਨੂੰ ਸੱਚਾਈ ਦੀ ਜਿੱਤ ਦੱਸਿਆ | ਜੋਬਨ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਹੱਕ ਵਿਚ ਆਏ ਇਸ ਫੈਸਲੇ ਨਾਲ ਲੋਕਾਂ ਦਾ ਆਮ ਆਦਮੀ ਪਾਰਟੀ ਵਿਚ ਵਿਸ਼ਵਾਸ਼ ਹੋਰ ਵਧਿਆ |