ਗੁਰਦਾਸਪੁਰ, 28 ਫਰਵਰੀ (ਚੱਕਰਾਜਾ)-ਪੁਲਿਸ ਮੁਕਾਬਲੇ 'ਚ ਮਾਰੇ ਗਏ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਬਾਪੂ ਤਰਸੇਮ ਸਿੰਘ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ, ਜਿਥੇ ਉਨ੍ਹਾਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੰੂਨ ਰਾਜ ਨਹੀਂ, ਬਲਕਿ ਪੁਲਿਸ ਰਾਜ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਮੁਲਜ਼ਮ ਨੰੂ ਫੜ ਕੇ ਅਦਾਲਤ 'ਚ ਪੇਸ਼ ਕਰਨਾ ਹੈ, ਬਾਕੀ ਸਜ਼ਾ ਦੇਣ ਦਾ ਕੰਮ ਅਦਾਲਤ ਤੈਅ ਕਰਦੀ ਹੈ ਪਰ ਇਥੇ ਪੰਜਾਬ ਪੁਲਿਸ ਫਿਰ ਪੰਜਾਬ ਨੂੰ 1984 ਵੱਲ ਧੱਕ ਰਹੀ ਹੈ, ਜਿਥੇ ਮਨਮਰਜ਼ੀ ਨਾਲ ਬਿਨਾਂ ਜਾਂਚ ਕੀਤੇ ਪੁਲਿਸ ਮੁਕਾਬਲੇ ਬਣਾ ਕੇ ਸਬੂਤ ਮਿਟਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਪੰਜਾਬ ਪੁਲਿਸ ਦੇ ਇਸ ਮੁਕਾਬਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਕੇ ਪਰਿਵਾਰ ਨੰੂ ਇਨਸਾਫ਼ ਦਿੱਤਾ ਜਾਵੇ | ਇਸ ਮੌਕੇ ਸਤਿੰਦਰਜੀਤ ਸਿੰਘ ਗਿੱਲ ਅਬਜ਼ਰਵਰ ਪਠਾਨਕੋਟ, ਜੁਗਰਾਜ ਸਿੰਘ ਲਾਲੇਨੰਗਲ, ਖੁਸ਼ਕਰਨ ਸਿੰਘ ਬਟਾਲਾ, ਮਨਜੀਤ ਸਿੰਘ ਪਾਹੜਾ, ਪ੍ਰਭਜੋਤ ਸਿੰਘ ਤਿੱਬੜ, ਪਿ੍ੰਸ ਕਾਹਨੰੂਵਾਨ, ਅਜੇਪਾਲ ਸਿੰਘ, ਕੈਪਟਨ ਹਰਪਾਲ ਸਿੰਘ ਚੌਧਰਪੁਰ, ਦਲਬੀਰ ਸਿੰਘ ਚਾਹਲ, ਗੁਰਵਿੰਦਰ ਸਿੰਘ ਕਾਲਾ ਅਫਗਾਨਾ ਵੀ ਹਾਜ਼ਰ ਸਨ |