ਗੁਰਦਾਸਪੁਰ, 30 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਜਗਤਪੁਰ ਨੇੜੇ ਪੈਟਰੋਲ ਸਾਹਮਣੇ ਤੇਜ਼ ਰਫ਼ਤਾਰ ਟਿੱਪਰ ਮਿੱਟੀ ਸਮੇਤ ਪਲਟ ਜਾਣ ਨਾਲ ਰਸਤਾ ਬੰਦ ਹੋਣ ਕਰਕੇ ਸਾਰੀ ਰਾਤ ਜਾਮ ਲੱਗਾ ਰਿਹਾ ਪਰ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ | ਟਿੱਪਰ ਡਰਾਈਵਰ ਮੁਨੀ ਲਾਲ ਨੇ ਦੱਸਿਆ ਕਿ ਟਿੱਪਰ ਨੰਬਰ ਪੀ.ਬੀ.07 ਸੀ.ਐਮ. 0587 ਗੁਰਦਾਸਪੁਰ ਤੋਂ ਮੁਕੇਰੀਆਂ ਮਿੱਟੀ ਲੈ ਕੇ ਜਾ ਰਿਹਾ ਸੀ ਤੇ ਜਦੋਂ ਜਗਤਪੁਰ ਨੇੜੇ ਪੁੱਜਾ ਤਾਂ ਟਿੱਪਰ ਦਾ ਟਾਇਰ ਫੱਟਣ ਨਾਲ ਟਿੱਪਰ ਸੜਕ ਵਿਚਕਾਰ ਪਲਟ ਗਿਆ | ਉਨ੍ਹਾਂ ਕਿਹਾ ਕਿ ਰਾਹਗੀਰਾਂ ਨੇ ਉਸ ਨੰੂ ਟਿੱਪਰ 'ਚੋਂ ਬਾਹਰ ਕੱਢਿਆ ਪਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਜਦੋਂਕਿ ਸੜਕ ਸੁਰੱਖਿਆ ਫੋਰਸ ਨੇ ਜੱਦੋ-ਜਹਿਦ ਨਾਲ ਸੜਕ 'ਤੇ ਆਰਜ਼ੀ ਰਸਤਾ ਬਣਾਇਆ ਤੇ ਟਰੈਫ਼ਿਕ ਨੰੂ ਬਹਾਲ ਕੀਤਾ | ਟਿੱਪਰ ਮਾਲਕ ਸੁਰਿੰਦਰ ਪੁੱਤਰ ਹਿਤ ਰਾਮ ਵਾਸੀ ਮੁਕੇਰੀਆਂ ਨੇ ਦੱਸਿਆ ਕਿ ਟਿੱਪਰ ਪਲਟਣ ਤੋਂ ਬਾਅਦ ਜਲਦੀ ਉਹ ਆਪਣਾ ਹੈਡਰਾ ਲੈ ਕੇ ਪਹੁੰਚ ਗਏ ਤੇ ਟਿੱਪਰ ਨੂੰ ਬਾਹਰ ਕੱਢ ਕੇ ਸੜਕ ਦੀ ਆਵਾਜਾਈ ਖ਼ਾਲੀ ਕਰਵਾਈ | ਇਸ ਮੌਕੇ ਪੁਰਾਣਾ ਸ਼ਾਲਾ ਪੁਲਿਸ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ | ਲੋਕਾਂ ਨੇ ਦੱਸਿਆ ਕਿ ਸੜਕ ਦੀ ਚੌੜਾਈ ਘੱਟ ਤੇ ਵਾਹਨਾਂ ਦੀ ਆਵਾਜਾਈ ਵਧੇਰੇ ਹੋਣ ਕਰਕੇ ਇਸ ਸੜਕ 'ਤੇ ਨਿੱਤ ਹਾਦਸੇ ਵਾਪਰ ਰਹੇ ਹਨ ਤੇ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸੜਕ ਦੀ ਚੌੜਾਈ 10 ਫੁੱਟ ਵਧਾਈ ਜਾਵੇ ਤਾਂ ਜੋ ਹਾਦਸਿਆਂ 'ਤੇ ਕਾਬੂ ਪਾਇਆ ਜਾ ਸਕੇ |