ਧਾਰੀਵਾਲ, 30 ਮਾਰਚ (ਸਵਰਨ ਸਿੰਘ)- ਸਥਾਨਕ ਸ਼ਹਿਰ ਵਿਚੋਂ ਲੰਘਦੇ ਅੰਮਿ੍ਤਸਰ-ਪਠਾਨਕੋਟ ਮੁੱਖ ਮਾਰਗ ਧਾਰੀਵਾਲ ਨਹਿਰ ਦੇ ਪੁਲ ਨੇੜੇ ਇਕ ਨਿੱਜੀ ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਸੰਦੀਪ ਸਿੰਘ (35) ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਕਲਿਆਣਪੁਰ ਮੋਟਰਸਾਈਕਲ 'ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਇਕ ਨਿੱਜੀ ਬੱਸ ਨੰਬਰ ਪੀ.ਬੀ.02-ਸੀ.ਸੀ 6695 ਜੋ ਕਿ ਗੁਰਦਾਸਪੁਰ ਤੋਂ ਅੰਮਿ੍ਤਸਰ ਵੱਲ ਜਾ ਰਹੀ ਸੀ, ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਘਟਨਾ ਵਾਪਰਦੇ ਹੀ ਬੱਸ ਚਾਲਕ ਤੇ ਕੰਡੰਕਟਰ ਬੱਸ ਛੱਡ ਕੇ ਫਰਾਰ ਹੋ ਗਏ | ਹਾਦਸੇ ਦੀ ਸੂਚਨਾ ਮਿਲਦੇ ਹੀ ਏ.ਐਸ.ਆਈ. ਹਰਜਿੰਦਰ ਸਿੰਘ ਨੇ ਸਮੇਤ ਪੁਲਿਸ ਗੰਭੀਰ ਜ਼ਖ਼ਮੀ ਸੰਦੀਪ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਜਿੱਥੇ ਡਾਕਟਰਾਂ ਵਲੋ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸ ਘਟਨਾ ਉਪਰੰਤ ਕਾਰਵਾਈ ਕਰਵਾਉਣ ਲਈ ਪਿੰਡ ਕਲਿਆਣਪੁਰ ਤੇ ਆਸ-ਪਾਸ ਦੇ ਲੋਕਾਂ ਦਾ ਥਾਣਾ ਧਾਰੀਵਾਲ ਵਿਖੇ ਕਾਫੀ ਇਕੱਠ ਹੋ ਗਿਆ | ਪੁਲਿਸ ਨੇ ਬੱਸ ਨੂੰ ਥਾਣੇ ਲਗਾ ਕੇ ਖ਼ਬਰ ਲਿਖਣ ਤੱਕ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੀ |