ਗੁਰਦਾਸਪੁਰ, 29 ਅਪ੍ਰੈਲ (ਅਸ਼ੋਕ ਸ਼ਰਮਾ)- ਬਲਾਕ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਪੰਧੇਰ ਦੀ ਲਹਿੰਦੀ ਪੱਤੀ ਵਿਖੇ ਬਿਜਲੀ ਵੋਲਟੇਜ ਘੱਟ ਆਉਣ ਕਾਰਨ ਬਿਜਲੀ ਉਪਕਰਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਬਿਜਲੀ ਬੋਰਡ ਤਿੱਬੜ ਵਲੋਂ ਪਿੰਡ ਅੰਦਰ ਲੋਡ ਵਧਾਉਣ ਲਈ 63 ਕੇ.ਵੀ. ਦਾ ਟਰਾਂਸਫ਼ਾਰਮਰ ਤੇ ਕੇਬਲ ਸੁੱਟੀ ਨੰੂ 6 ਮਹੀਨੇ ਬੀਤ ਚੁੱਕੇ ਹਨ | ਮਹਿਕਮੇ ਨੇ ਖੰਬੇ ਤਾਂ ਲਗਾ ਦਿੱਤੇ ਹਨ ਪਰ ਕੇਬਲ ਤੇ ਟਰਾਂਸਫ਼ਾਰਮਰ ਲਗਾਉਣ 'ਚ ਕੀਤੀ ਜਾ ਰਹੀ ਦੇਰੀ ਕਾਰਨ ਪਿੰਡ ਵਾਸੀ ਗਰਮੀ ਦੇ ਮੌਸਮ 'ਚ ਭਾਰੀ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ | ਇਸ ਸੰਬੰਧੀ ਪਿੰਡ ਵਾਸੀ ਸੁਖਵਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਢਿੱਲੋਂ, ਗੁਰਮੀਤ ਸਿੰਘ ਢਿੱਲੋਂ, ਸੰਦੀਪ ਸਿੰਘ ਢਿੱਲੋਂ, ਕੁਲਵੰਤ ਸਿੰਘ ਢਿੱਲੋਂ, ਜੋਗਾ ਸਿੰਘ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ ਤੇ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਹੱਲੇ ਅੰਦਰ ਬਿਜਲੀ ਸਪਲਾਈ ਦਾ ਮਾੜਾ ਹਾਲ ਹੈ ਤੇ ਇਸ ਸੰਬੰਧੀ ਅਧਿਕਾਰੀਆਂ ਨੰੂ ਲਿਖਤੀ ਦਰਖ਼ਾਸਤਾਂ ਦੇ ਕੇ ਰਾਬਤਾ ਕਾਇਮ ਕੀਤਾ ਸੀ | ਜਦੋਂ ਕਿ ਵਿਭਾਗ ਨੇ ਲੋਡ ਵਧਾਉਣ ਲਈ ਪਿੰਡ ਅੰਦਰ ਨਵਾਂ ਟਰਾਂਸਫ਼ਾਰਮਰ, ਕੇਬਲ ਤੇ 13 ਖੰਬੇ ਵੀ ਮਨਜ਼ੂਰ ਕੀਤੇ ਸਨ ਜਿਨ੍ਹਾਂ ਵਿਚੋਂ ਖੰਬੇ ਤਾਂ ਲਗਾ ਦਿੱਤੇ ਪਰ 6 ਮਹੀਨੇ ਤੋਂ ਨਵਾਂ ਟਰਾਂਸਫ਼ਾਰਮਰ ਤੇ ਕਬਲ ਨਹੀਂ ਪਾਈ ਜਾ ਰਹੀ | ਉਨ੍ਹਾਂ ਕਿਹਾ ਕਿ ਇਸ ਕਾਰਜ ਵਿਚ ਸਿਆਸੀ ਦਖ਼ਲ ਅੰਦਾਜ਼ੀ ਹੋਣ ਕਰਕੇ ਕੰਮ ਨੇਪਰੇ ਨਹੀਂ ਚੜ੍ਹ ਰਿਹਾ | ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ 'ਚ ਬਜ਼ੁਰਗ, ਬੱਚਿਆਂ ਦਾ ਬੁਰਾ ਹਾਲ ਹੈ, ਹੋਰ ਤੇ ਹੋਰ ਪਸ਼ੂਆਂ ਨੰੂ ਪਾਣੀ ਪਿਲਾਉਣਾ ਵੀ ਔਖਾ ਹੋ ਗਿਆ ਹੈ ਪਰ ਸਬ ਡਵੀਜ਼ਨ ਤਿੱਬੜ ਨੰੂ ਮਿਲਣ ਦੇ ਬਾਵਜੂਦ ਹਲਕਾ ਜੇ.ਈ. ਵੀ ਇਸ ਪਾਸੇ ਧਿਆਨ ਨਹੀਂ ਦੇ ਰਹੇ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ 600 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਹੈ ਪਰ ਇਸ ਦੇ ਉਲਟ ਪਿੰਡ ਪੰਧੇਰ ਦੇ ਲੋਕਾਂ ਨੰੂ ਬਿਜਲੀ ਸਪਲਾਈ ਨਾ ਮਿਲਣ ਕਰਕੇ ਸਰਕਾਰ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ | ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਲੋਡ ਵਧਾਉਣ ਤੇ ਨਵਾਂ ਟਰਾਂਸਫ਼ਾਰਮਰ ਲਗਾਉਣ ਲਈ ਪਿੰਡ ਦੀ ਕਾਫ਼ੀ ਮਦਦ ਕੀਤੀ ਹੈ, ਸਿਰਫ਼ ਪਿੰਡ ਅੰਦਰ ਇਕ ਖੰਬਾ ਲੱਗਣ 'ਤੇ ਅੜਿੱਕਾ ਪਿਆ ਹੈ ਜਿਸ ਕਰਕੇ ਕੰਮ ਵਿਚ ਦੇਰੀ ਹੋ ਰਹੀ ਹੈ ਜਿਸ ਦਾ ਜਲਦ ਹੱਲ ਕੀਤਾ ਜਾਵੇਗਾ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਸ.ਈ. ਗੁਰਦਾਸਪੁਰ ਨੰੂ ਹਦਾਇਤਾਂ ਕਰਕੇ ਪਿੰਡ ਪੰਧੇਰ ਦੀ ਬਿਜਲੀ ਸਪਲਾਈ ਵਿਚ ਫ਼ੌਰੀ ਸੁਧਾਰ ਕਰਵਾਇਆ ਜਾਵੇ, ਜਿਸ ਨਾਲ ਲੋਕਾਂ ਦੀ ਮੁਸ਼ਕਿਲ ਦਾ ਹੱਲ ਹੋ ਸਕੇ |