15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਨਵੇਂ ਬਣੇ 66 ਕੇ.ਵੀ. ਸਬ-ਸਟੇਸ਼ਨ ਕੋਟ ਧੰਦਲ 'ਚ ਆਉਂਦੇ ਬਹੁਤੇ ਪਿੰਡਾਂ ਨੂੰ ਨਹੀਂ ਮਿਲੀ ਬਿਜਲੀ ਸਪਲਾਈ

ਅਜੀਤ ਡੈਸਕ 30-04-2026
ਕਾਹਨੂੰਵਾਨ, 29 ਅਪ੍ਰੈਲ (ਜਸਪਾਲ ਸਿੰਘ ਸੰਧੂ)- ਪਾਵਰਕਾਮ ਵਲੋਂ ਬਲਾਕ ਕਾਹਨੂੰਵਾਨ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕਰੀਬ ਇਕ ਸਾਲ ਪਹਿਲਾਂ ਨਵੇਂ ਸਥਾਪਿਤ ਕੀਤੇ 66 ਕੇ.ਵੀ. ਸਬ-ਸਟੇਸ਼ਨ ਕੋਟ ਧੰਦਲ ਤੋਂ ਨੇੜਲੇ ਪਿੰਡ ਭਿੱਟੇਵੱਡ, ਭੱਟੀਆਂ, ਗੋਹਤ ਖੁਰਦ ਗੋਹਤ ਕਲਾਂ, ਚਿੱਬ, ਜਾਗੋਵਾਲ ਬਾਂਗਰ, ਰਾਊਵਾਲ, ਕੋਟ ਟੋਡਰ ਮੱਲ ਆਦਿ ਨੂੰ ਅਜੇ ਤੱਕ ਜੋੜਿਆ ਨਹੀਂ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨੂੰ 66 ਕੇ.ਵੀ. ਸਬ-ਡਵੀਜ਼ਨ ਕੋਟ ਧੰਦਲ ਨਾਲ ਜੋੜਿਆ ਜਾਣਾ ਸੀ ਪਰ ਸਬ-ਡਵੀਜ਼ਨ ਦਾ ਇਕ ਸਾਲ ਪਹਿਲਾਂ ਉਦਘਾਟਨ ਕੀਤਾ ਗਿਆ ਸੀ ਪਰ ਇਨ੍ਹਾਂ ਪਿੰਡਾਂ ਨੂੰ ਬਿਜਲੀ ਸਪਲਾਈ ਨਹੀਂ ਮਿਲੀ | ਪਹਿਲਾਂ ਇਨ੍ਹਾਂ ਨੂੰ ਕਾਹਨੂੰਵਾਨ ਤੇ ਹਰਚੋਵਾਲ ਸਬ-ਡਵੀਜ਼ਨਾਂ ਤੋਂ ਬਿਜਲੀ ਸਪਲਾਈ ਮਿਲ ਰਹੀ ਹੈ | ਸਬ-ਸਟੇਸ਼ਨ ਦੂਰ ਹੋਣ ਕਾਰਨ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲ ਰਹੀ | ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਇਹ 66 ਕੇ.ਵੀ. ਸਬ-ਸਟੇਸ਼ਨ ਪਿੰਡ ਕੋਟ ਧੰਦਲ ਵਿਖੇ ਸਥਾਪਿਤ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਨੂੰ ਬਿਜਲੀ ਸਪਲਾਈ ਦੇਣ ਲਈ ਖੰਭੇ ਤਾਂ ਗੱਡ ਦਿੱਤੇ ਪਰ ਤਾਰਾਂ ਨਹੀਂ ਪਾਈਆਂ ਗਈਆਂ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਕਈ ਵਾਰ ਪਾਵਰਕਾਮ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਦੇ ਪਿੰਡਾਂ ਨੂੰ ਇਸ ਸਬ-ਸਟੇਸ਼ਨ ਨਾਲ ਜੋੜਿਆ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤਾਂ ਕਣਕ ਵੱਢਣ ਕਾਰਨ ਖੇਤ ਖਾਲੀ ਹਨ, ਕਿਸਾਨਾਂ ਨੇ ਦੁਬਾਰਾ ਮਹੀਨੇ ਬਾਅਦ ਖੇਤਾਂ ਵਿਚ ਝੋਨੇ ਦੀ ਫ਼ਸਲ ਬੀਜ ਦਿੱਤੀ ਤਾਂ ਤਾਰਾਂ ਪਾਉਣ ਦਾ ਕੰਮ ਫਿਰ ਲਟਕ ਜਾਣਾ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕੁੱਝ ਦਿਨਾਂ ਵਿਚ ਉਨ੍ਹਾਂ ਨੂੰ ਇਸ ਸਬ-ਡਵੀਜ਼ਨ ਨਾਲ ਜੋੜਿਆ ਨਾ ਗਿਆ ਤਾਂ ਉਹ ਪਾਵਰਕਾਮ ਖ਼ਿਲਾਫ਼ ਆਵਾਜ਼ ਉਠਾਉਣ ਲਈ ਮਜਬੂਰ ਹੋਣਗੇ | ਇਸ ਸਬੰਧੀ ਜਦੋਂ ਐੱਸ.ਡੀ.ਓ. ਕਾਹਨੂੰਵਾਨ ਤੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਬੰਧਿਤ ਠੇਕੇਦਾਰ ਕੋਲੋਂ ਪਤਾ ਕਰਕੇ ਦੱਸਣਗੇ ਪਰ ਇਸ ਵੇਲੇ ਠੇਕੇਦਾਰ ਦਾ ਫ਼ੋਨ ਬੰਦ ਆਉਂਦਾ ਪਿਆ | ਜਦੋਂ ਇਸ ਸੰਬੰਧੀ ਐੱਸ.ਈ. ਗੁਰਦਾਸਪੁਰ ਨਾਲ ਫ਼ੋਨ 'ਤੇ ਰਾਬਤਾ ਕਰਨਾ ਚਾਹਿਆ ਤਾਂ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ |
ਪਿਛਲੀ ਖ਼ਬਰ ਗੁਰਪ੍ਰੀਤ ਕੌਰ ਪੰਨੂੰ ਨੇ ਮਾਨ ਸਰਕਾਰ ਦੀਆਂ 4 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਜਨਤਾ ਅੱਗੇ ਰੱਖਿਆ ਅਗਲੀ ਖ਼ਬਰ ਪਿੰਡ ਪੰਧੇਰ ਵਿਖੇ ਬਿਜਲੀ ਵੋਲਟੇਜ ਘੱਟ ਆਉਣ ਨਾਲ ਨਿੱਤ ਬਿਜਲੀ ਉਪਕਰਨਾਂ ਦਾ ਹੋ ਰਿਹਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।