ਕਲਾਨੌਰ, 10 ਮਈ (ਪੁਰੇਵਾਲ)-ਸਥਾਨਕ ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ 'ਚ ਚੇਅਰਮੈਨ ਸ. ਅਜੀਤ ਸਿੰਘ ਮੱਲ੍ਹੀ, ਸੁੱਖਜੀਤ ਕੌਰ ਮੱਲ੍ਹੀ, ਅਮਰਿੰਦਰ ਸਿੰਘ ਮੱਲ੍ਹੀ, ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਅਤੇ ਸਮੂੰਹ ਸਟਾਫ ਦੀ ਯੋਗ ਅਗਵਾਈ ਹੇਠ ਮਾਂ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਵਲੋਂ ਵਿਦਿਆਰਥੀਆਂ ਲਈ ਕਈ ਪ੍ਰੇਰਣਾਦਾਇਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਦਾ ਮੁੱਖ ਉਦੇਸ਼ ਬੱਚਿਆਂ 'ਚ ਆਪਣੀਆਂ ਮਾਵਾਂ ਪ੍ਰਤੀ ਸਤਿਕਾਰ, ਪਿਆਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ | ਸਮਾਗਮ ਦੀ ਸ਼ੁਰੂਆਤ ਮੈਡਮ ਸੁੱਖਜੀਤ ਕੌਰ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਆਧਿਆਤਮਿਕਤਾ ਅਤੇ ਸਤਿਕਾਰ ਨਾਲ ਭਰ ਗਿਆ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਮਾਂ ਦੀ ਮਹਾਨਤਾ ਅਤੇ ਉਸ ਦੇ ਪਿਆਰ ਨੂੰ ਦਰਸਾਉਂਦੀਆਂ ਕਵਿਤਾਵਾਂ, ਗੀਤ, ਭਾਸ਼ਣ ਅਤੇ ਨਾਟਕ ਪੇਸ਼ ਕੀਤੇ ਗਏ | ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਦੱਸਿਆ ਕਿ ਮਾਂ ਬੱਚੇ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਸਹਾਰਾ ਹੁੰਦੀ ਹੈ, ਜੋ ਹਰ ਸਮੇਂ ਆਪਣੇ ਬੱਚਿਆਂ ਦੀ ਖੁਸ਼ੀ ਅਤੇ ਭਵਿੱਖ ਲਈ ਸਮਰਪਿਤ ਰਹਿੰਦੀ ਹੈ | ਨੰਨੇ-ਮੁੰਨੇ ਬੱਚਿਆਂ ਵਲੋਂ ਬਣਾਏ ਗਏ ਸੁੰਦਰ ਗ੍ਰੀਟਿੰਗ ਕਾਰਡ, ਪੇਂਟਿੰਗਾਂ ਅਤੇ ਹੱਥੀਂ ਤਿਆਰ ਤੋਹਫ਼ੇ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਹੇ | ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਲਈ ਭਾਵੁਕ ਸੰਦੇਸ਼ ਵੀ ਪੜ੍ਹ ਕੇ ਸੁਣਾਏ | ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਜੋ ਉਸ ਨੂੰ ਜੀਵਨ ਦੇ ਸਹੀ ਸੰਸਕਾਰ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਸਿਖਾਉਂਦੀ ਹੈ | ਇਸ ਮੌਕੇ ਸਕੂਲ ਦੇ ਉਪ ਪਿ੍ੰਸੀਪਲ ਜਗਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੇਵਾ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ | ਅੰਤ ਵਿਚ ਵਿਦਿਆਰਥੀਆਂ ਵਲੋਂ ਹੈਪੀ ਮਦਰਜ਼ ਡੇ ਦੇ ਨਾਅਰੇ ਲਗਾ ਕੇ ਸਾਰੀਆਂ ਮਾਵਾਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਸਕੂਲ ਦੇ ਕਿੰਡਰਗਾਰਟਨ ਵਿੰਗ ਦੇ ਕੋਆਰਡੀਨੇਟਰ ਹਰਪ੍ਰੀਤ ਕੌਰ, ਪਵਨਪ੍ਰੀਤੀ ਕੌਰ, ਵੰਦਨਾ, ਰਵਨੀਤ ਕੌਰ, ਗੁਰਲੀਨ ਕੌਰ, ਸੰਦੀਪ ਕੌਰ, ਸੁਰਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |