ਧਾਰੀਵਾਲ, 10 ਮਈ (ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਸ੍ਰੀਮਤੀ ਪਰਮਿੰਦਰ ਕੌਰ ਚਾਹਲ, ਪਿ੍ੰਸੀਪਲ ਕਿਰਨ ਕੇਸਰ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣ ਸਿਮਰਨਜੀਤ ਕੌਰ ਨੇ ਮਾਂ ਦਿਵਸ 'ਤੇ ਭਾਸ਼ਣ ਪੇਸ਼ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੀਆਂ ਮਾਵਾਂ ਪ੍ਰਤੀ ਪਿਆਰ ਤੇ ਸਤਿਕਾਰ ਪ੍ਰਗਟ ਕਰਨ ਲਈ ਕਾਰਡ ਬਣਾਉਣ, ਫੋਟੋ ਫਰੇਮ ਬਣਾਉਣ ਤੇ ਲਿਟਲ ਸਪਰਾਊਟਸ ਦੇ ਵਿਦਿਆਰਥੀਆਂ ਵਲੋਂ ਪੇਂਟਿੰਗ, ਹੈਂਡ ਪਿ੍ੰਟ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਮਾਂ ਦਿਵਸ ਨੂੰ ਸਬੰਧਿਤ ਕਾਰਡ ਤੇ ਫੋਟੋ ਫਰੇਮ ਬਣਾਏ | ਪਿ੍ੰਸੀਪਲ ਕਿਰਨ ਕੇਸਰ ਨੇ ਕਿਹਾ ਕਿ ਅੱਜ ਦਾ ਦਿਨ ਮਾਂ ਦੇ ਪਿਆਰ, ਤਿਆਗ ਤੇ ਸੇਵਾ ਨੂੰ ਸਮਰਪਿਤ ਹੈ, ਮਾਂ ਉਹ ਸ਼ਖ਼ਸੀਅਤ ਹੈ, ਜੋ ਆਪਣੇ ਬੱਚਿਆਂ ਦੀ ਖੁਸ਼ੀ ਲਈ ਹਰ ਮੁਸ਼ਕਿਲ ਸਹਿੰਦੀ ਹੈ ਤੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਂਦੀ ਹੈ | ਸਾਡੀ ਜਿੰਦਗੀ ਵਿਚ ਮਾਂ ਦਾ ਸਥਾਨ ਸਭ ਤੋਂ ਉੱਚਾ ਹੁੰਦਾ ਹੈ | ਉਹ ਸਾਨੂੰ ਸਿਰਫ਼ ਜਨਮ ਹੀ ਨਹੀਂ ਦਿੰਦੀ, ਸਗੋਂ ਚੰਗੇ ਸੰਸਕਾਰ, ਅਨੁਸ਼ਾਸਨ ਤੇ ਇਨਸਾਨੀਅਤ ਦੀ ਸਿੱਖਿਆ ਵੀ ਦਿੰਦੀ ਹੈ | ਬੱਚਿਆਂ ਦੀ ਪਹਿਲੀ ਅਧਿਆਪਕ ਮਾਂ ਹੀ ਹੁੰਦੀ ਹੈ | ਅੰਤ 'ਚ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਮਾਪਿਆਂ ਦਾ ਸਤਿਕਾਰ ਕਰੋ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੋ ਤੇ ਹਮੇਸ਼ਾ ਉਨ੍ਹਾਂ ਦਾ ਆਦਰ ਕਰੋ |