ਘਰੋਟਾ, 10 ਮਈ (ਸੰਜੀਵ ਗੁਪਤਾ)-ਇਕ ਛੋਟੀ ਜਿਹੀ ਕੋਸ਼ਿਸ਼ ਕਿਸੇ ਨੂੰ ਜ਼ਿੰਦਗੀ ਜਿਊਣ ਦਾ ਦੂਜਾ ਮੌਕਾ ਦੇ ਸਕਦੀ ਹੈ | ਇਹ ਸ਼ਬਦ ਇਲਾਕੇ ਦੇ ਪ੍ਰਸਿੱਧ ਖੂਨਦਾਤਾ ਪ੍ਰਦੀਪ ਕੁਮਾਰ ਨੇ ਕਹੇ, ਜੋ ਪੇਸ਼ੇ ਤੋਂ ਡੀ.ਪੀ. ਹਨ ਤੇ ਹੁਣ ਤੱਕ 48 ਵਾਰ ਖ਼ੂਨਦਾਨ ਕਰਕੇ ਮਨੁੱਖਤਾ ਦੀ ਮਿਸਾਲ ਕਾਇਮ ਕਰ ਚੁੱਕੇ ਹਨ | ਪ੍ਰਦੀਪ ਕੁਮਾਰ ਨੇ ਕਿਹਾ ਕਿ ਖ਼ੂਨਦਾਨ ਸਿਰਫ਼ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਦਾ ਸਾਧਨ ਹੀ ਨਹੀਂ, ਸਗੋਂ ਆਪਣੇ 'ਆਪ' ਨੂੰ ਤੰਦਰੁਸਤ ਰੱਖਣ ਦਾ ਵੀ ਇਕ ਵਧੀਆ ਤਰੀਕਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ 'ਤੇ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿਚ ਨਵਾਂ ਖ਼ੂਨ ਬਣਦਾ ਹੈ | ਜਿਸ ਨਾਲ ਸਰੀਰ ਚੁਸਤ ਤੇ ਤੰਦਰੁਸਤ ਰਹਿੰਦਾ ਹੈ | ਉਨ੍ਹਾਂ ਖ਼ਾਸ ਤੌਰ 'ਤੇ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਨੌਜਵਾਨ ਵਰਗ ਸੰਕਲਪ ਲੈ ਲਵੇ ਤਾਂ ਕਿਸੇ ਵੀ ਮਰੀਜ਼ ਨੂੰ ਖ਼ੂਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ |