ਤਾਰਾਗੜ੍ਹ, 10 ਮਈ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਬੇਗੋਵਾਲ ਵਿਚ ਬਿਜਲੀ ਦੇ ਜ਼ਿਆਦਾ ਲੋਡ ਤੇ ਬਾਰ-ਬਾਰ ਬਿਜਲੀ ਬੰਦ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਸੰਬੰਧ 'ਚ ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤ ਤੇ ਸਰਪੰਚ ਅਨੀਸ਼ਾ ਸੈਣੀ ਨੂੰ ਆਪਣੀਆਂ ਬਿਜਲੀ ਸਮੱਸਿਆਵਾਂ ਬਾਰੇ ਦੱਸਿਆ | ਸਰਪੰਚ ਅਨੀਸ਼ਾ ਸੈਣੀ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਿੰਡ ਵਿਚ ਇਕ ਨਵਾਂ ਟਰਾਂਸਫ਼ਾਰਮਰ ਲਗਾਉਣ ਦੀ ਬੇਨਤੀ ਕੀਤੀ | ਕੈਬਨਿਟ ਮੰਤਰੀ ਨੇ ਬੇਗੋਵਾਲ ਕਸਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਬਿਜਲੀ ਵਿਭਾਗ ਨੂੰ ਤੁਰੰਤ ਇਕ ਨਵਾਂ ਟਰਾਂਸਫ਼ਾਰਮਰ ਲਗਾਉਣ ਦੇ ਨਿਰਦੇਸ਼ ਦਿੱਤੇ | ਬਿਜਲੀ ਵਿਭਾਗ ਵਲੋਂ ਜਲਦ ਹੀ ਇਕ ਨਵਾਂ ਟਰਾਂਸਫ਼ਾਰਮਰ ਪਿੰਡ ਬੇਗੋਵਾਲ ਵਿਖੇ ਲਗਾਇਆ ਗਿਆ | ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਆਦਾ ਬਿਜਲੀ ਦਾ ਲੋਡ ਹੋਣ ਕਾਰਨ ਬਿਜਲੀ ਦੀਆਂ ਕਾਫ਼ੀ ਸਮੱਸਿਆਵਾਂ ਆ ਰਹੀਆਂ ਸਨ | ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤ ਤੇ ਸਰਪੰਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਪੰਚ ਅਨੀਸ਼ਾ ਸੈਣੀ ਦੇ ਯਤਨਾਂ ਸਦਕਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ 'ਚ ਇਕ ਨਵਾਂ ਟਰਾਂਸਫ਼ਾਰਮਰ ਲਗਵਾਇਆ, ਜਿਸ ਨਾਲ ਪਿੰਡ ਵਾਸੀਆਂ ਨੂੰ ਉਨ੍ਹਾਂ ਦੀਆਂ ਬਿਜਲੀ ਦੀਆਂ ਸਮੱਸਿਆ ਤੋਂ ਕਾਫ਼ੀ ਰਾਹਤ ਮਿਲੀ ਹੈ |