ਪਠਾਨਕੋਟ, 11 ਮਈ (ਸੰਧੂ)-ਬੀਤੀ ਦੇਰ ਰਾਤ ਆਈ ਤੇਜ਼ ਹਨੇਰੀ ਤੇ ਬਰਸਾਤ ਕਾਰਨ ਪਠਾਨਕੋਟ ਜ਼ਿਲੇ੍ਹ ਦੇ ਵੱਖ-ਵੱਖ ਥਾਵਾਂ 'ਤੇ ਸੜਕਾਂ 'ਤੇ ਹੀ ਵੱਡੇ-ਵੱਡੇ ਦਰੱਖ਼ਤ ਡਿੱਗ ਗਏ, ਹਾਲਾਂਕਿ ਕੋਈ ਵੱਡਾ ਹਾਦਸਾ ਹੋਣੋਂ ਬਚ ਗਿਆ | ਪਠਾਨਕੋਟ ਤੋਂ ਸੁਜਾਨਪੁਰ ਰੋਡ 'ਤੇ ਡਿੱਗੇ ਇਨ੍ਹਾਂ ਦਰੱਖਤਾਂ ਦੇ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਸਵੇਰੇ ਸਕੂਲ ਜਾਣ ਵਾਲੇ ਵਿਦਿਆਰਥੀ ਤੇ ਮਾਪੇ ਬਹੁਤ ਪ੍ਰੇਸ਼ਾਨ ਦੇਖੇ ਗਏ | ਪ੍ਰਸ਼ਾਸਨ ਵਲੋਂ ਇਨ੍ਹਾਂ ਦਰੱਖਤਾਂ ਨੂੰ ਸੜਕ ਤੋਂ ਹਟਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ | ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਣ ਵਾਲੇ ਮਾਪਿਆਂ 'ਚੋਂ ਦੀਪਕ ਕੁਮਾਰ, ਹਰਸਿਮਰਨਜੀਤ ਸਿੰਘ ਤੇ ਜਨਮਜੀਤ ਸਿੰਘ ਆਦਿ ਨੇ ਦੱਸਿਆ ਕਿ ਅੱਜ ਸਵੇਰੇ ਸੜਕਾਂ 'ਤੇ ਹਨੇਰੀ ਦਾ ਖ਼ੌਫ਼ਨਾਕ ਦਿ੍ਸ਼ ਦੇਖਣ ਨੂੰ ਮਿਲਿਆ ਜਦੋਂ ਕਈ ਕਈ ਫੁੱਟ ਉੱਚੇ ਦਰੱਖ਼ਤ ਧਰਤੀ 'ਤੇ ਡਿੱਗੇ ਪਾਏ ਗਏ | ਸੜਕਾਂ 'ਤੇ ਦਰੱਖ਼ਤ ਡਿੱਗਣ ਕਾਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿਚ ਛੱਡਣ ਜਾਣ ਲਈ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਦੱਸਿਆ ਕਿ ਚਾਰ ਪਹੀਆ ਵਾਹਨ 'ਤੇ ਜਾਂ ਸਕੂਲ ਬੱਸਾਂ ਰਾਹੀਂ ਆਉਣ ਵਾਲੇ ਬੱਚਿਆਂ ਨੂੰ ਆਪਣੇ ਸਕੂਲਾਂ ਤੱਕ ਪਹੁੰਚਣ ਲਈ 10 ਕਿੱਲੋਮੀਟਰ ਤੋਂ ਵੀ ਵੱਧ ਦਾ ਸਫ਼ਰ ਤੈਅ ਕਰਨਾ ਪਿਆ |