ਗੁਰਦਾਸਪੁਰ, 15 ਮਈ (ਚੱਕਰਾਜਾ)-ਗੁਰਦਾਸਪੁਰ ਪੁਲਿਸ ਵਲੋਂ ਡਕੈਤੀ ਦੀ ਯੋਜਨਾ ਨੰੂ ਨਾਕਾਮ ਕਰਦਿਆਂ 6 ਦੋਸ਼ੀਆਂ ਨੂੰ 1 ਪਿਸਟਲ 30 ਬੋਰ ਸਮੇਤ ਮੈਗਜ਼ੀਨ, 4 ਰੌਂਦ ਜਿੰਦਾ ਤੇ ਹਥਿਆਰ ਸਮੇਤ ਕਾਬੂ ਕੀਤਾ ਗਿਆ ਹੈ | ਇਸ ਮੌਕੇ ਐਸ.ਐਸ.ਪੀ ਆਦਿੱਤਯ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਇਸ ਦੌਰਾਨ ਡੀ.ਐੱਸ.ਪੀ ਦੀਨਾਨਗਰ ਰਜਿੰਦਰ ਸਿੰਘ ਮਿਨਹਾਸ ਵੀ ਮੌਜੂਦ ਸਨ | ਐੱਸ.ਐੱਸ.ਪੀ ਆਦਿੱਤਯ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵਲੋਂ ਗੈਂਗਸਟਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮਿ੍ਤਸਰ ਦੇ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪੁਲਿਸ ਵਲੋਂ ਗੈਰ ਕਾਨੂੰਨੀ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਦੀਨਾਨਗਰ ਦੀ ਪੁਲਿਸ ਨੂੰ 14 ਮਈ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੜ੍ਹੀਆਂ ਪਿੰਡ ਕੌਂਟਾ ਵਿਖੇ ਇਕ ਕਾਰ ਨੰਬਰ ਪੀ.ਬੀ.18.ਪੀ.1700 ਮਾਰਕਾ ਵਰਨਾ 'ਚ ਸਵਾਰ ਵਿਅਕਤੀ ਡਕੈਤੀ ਦੀ ਯੋਜਨਾ ਬਣਾ ਰਹੇ ਹਨ | ਜਿਸ 'ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਡਕੈਤੀ ਦੀ ਯੋਜਨਾ ਬਣਾ ਰਹੇ 6 ਦੋਸ਼ੀਆਂ ਨੰੂ ਗੱਡੀ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਯੂਸਫ਼ ਮਸੀਹ ਉਰਫ ਐਮ.ਪੀ, ਮਲੂਕ ਮਸੀਹ, ਕਮਲਜੀਤ ਉਰਫ ਦਾਤਰ, ਹਨੀ, ਮਹਿਕਪ੍ਰੀਤ ਸਿੰਘ ਅਤੇ ਸੰਦੀਪ ਮਸੀਹ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 1 ਪਿਸਟਲ 30 ਬੋਰ ਸਮੇਤ ਮੈਗਜ਼ੀਨ ਤੇ 4 ਜਿੰਦਾ ਰੋਂਦ ਬਰਾਮਦ ਕੀਤੇ ਗਏ | ਇਸ ਤੋਂ ਇਲਾਵਾ ਕਾਰ ਦੀ ਤਲਾਸ਼ੀ ਦੌਰਾਨ ਇਕ ਬੇਸਬਾਲ ਬੈਟ, ਇਕ ਕਿਰਪਾਨ ਤੇ ਇਕ ਦਾਤਰ ਵੀ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਦੋਸ਼ੀ ਯੂਸਫ਼ ਮਸੀਹ ਉਰਫ ਐਮ.ਪੀ ਪੁੱਤਰ ਗ਼ਫ਼ੂਰ ਮਸੀਹ ਵਾਸੀ ਧਰਮਕੋਟ ਬੱਗਾ ਬਟਾਲਾ ਖਿਲਾਫ਼ ਪਹਿਲਾਂ ਵੀ 307 ਤੇ ਅਸਲਾ ਐਕਟ ਦੇ 2 ਮੁਕੱਦਮੇ ਦਰਜ ਹਨ | ਜਦੋਂ ਕਿ ਸੰਦੀਪ ਮਸੀਹ ਪੁੱਤਰ ਸਤਪਾਲ ਮਸੀਹ ਵਾਸੀ ਕਲਿਆਣਪੁਰ ਥਾਣਾ ਧਾਰੀਵਾਲ ਖ਼ਿਲਾਫ਼ ਆਬਕਾਰੀ ਐਕਟ ਦੇ 2 ਮੁਕੱਦਮੇ, ਕਮਲਜੀਤ ਉਰਫ ਰਾਹੁਲ ਉਰਫ ਦਾਤਰ ਪੁੱਤਰ ਗੁਰਜਿੰਦਰ ਸਿੰਘ ਵਾਸੀ ਪ੍ਰੇਮ ਨਗਰ ਬਟਾਲਾ ਖ਼ਿਲਾਫ਼ 307, ਅਸਲਾ ਐਕਟ ਤੇ ਐਨ.ਡੀ.ਪੀ.ਐਸ ਐਕਟ ਦੇ 14 ਮੁਕੱਦਮੇ, ਮਹਿਕਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭੁੱਲਰ ਬਟਾਲਾ ਖ਼ਿਲਾਫ਼ 307 ਦਾ 1 ਮੁਕੱਦਮਾ, ਹਨੀ ਪੁੱਤਰ ਯੂਨਸ ਮਸੀਹ ਵਾਸੀ ਧੂਬੀਵਾਲ ਬਟਾਲਾ ਅਤੇ ਮਲੂਕ ਮਸੀਹ ਪੁੱਤਰ ਇਸ਼ਾਨ ਮਸੀਹ ਵਾਸੀ ਧਰਮਕੋਟ ਬੱਗਾ ਬਟਾਲਾ ਖ਼ਿਲਾਫ਼ ਵੀ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਥਾਣਾ ਦੀਨਾਨਗਰ ਵਿਖੇ ਦਰਜ ਕਰਕੇ ਅਗਲੀ ਤਫਤੀਸ਼ ਜਾਰੀ ਹੈ |