ਵਡਾਲਾ ਗ੍ਰੰਥੀਆਂ, 15 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਜਨਰਲ ਗਿਆਨ ਵਿਚ ਵਾਧਾ ਕਰਨ ਤੇ ਉਨ੍ਹਾਂ ਨੂੰ ਭਵਿੱਖ ਦੀਆਂ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਮੰਤਵ ਨਾਲ ਗੁਰੂ ਨਾਨਕ ਹਾਈ ਸਕੂਲ ਸਤਕੋਹਾ ਵਿਖੇ ਪ੍ਰਸ਼ਨੋਤਰੀ ਤੇ ਗੀਤ ਮੁਕਾਬਲੇ ਕਰਵਾਏ ਗਏ | ਸਕੂਲ ਦੇ ਮੁੱਖ ਅਧਿਆਪਕ ਗੁਰਮੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਅਧਿਆਪਕ ਹਰਪਾਲ ਸਿੰਘ, ਮਨਵੀਨ ਕੌਰ, ਪਲਵਿੰਦਰ ਕੌਰ ਅਤੇ ਰੋਮਿਕਾ ਦੀ ਦੇਖ-ਰੇਖ ਹੇਠ ਚਾਰ ਹਾਊਸਾਂ ਵਿਚਾਲੇ ਹੋਏ ਰੌਚਿਕ ਅਤੇ ਗਿਆਨਵਰਧਕ ਕੁਇਜ਼ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਇਤਿਹਾਸ, ਵਿਗਿਆਨ, ਚਲੰਤ ਮਾਮਲਿਆਂ, ਸਾਹਿਤ ਅਤੇ ਆਮ ਜਾਣਕਾਰੀ ਨਾਲ ਸੰਬੰਧਿਤ ਸਵਾਲਾਂ ਦੇ ਬੇਹਤਰੀਨ ਜਵਾਬ ਦੇ ਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਕੁਇਜ਼ ਮੁਕਾਬਲੇ ਵਿਚ ਰੈੱਡ ਹਾਊਸ ਦੀਆਂ ਵਿਦਿਆਰਥਣਾਂ ਸ਼ਰਨ, ਪਲਕ ਤੇ ਰੌਸ਼ਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਗੀਤ ਮੁਕਾਬਲੇ 'ਚ ਯੈਲੋ ਹਾਊਸ ਦੇ ਪ੍ਰਭਜੋਤ ਤੇ ਲਕਸ਼ਮੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਭ ਦਾ ਮਨ ਮੋਹ ਲਿਆ ਤੇ ਜੇਤੂ ਰਹੇ | ਸਕੂਲ ਮੁੱਖ ਅਧਿਆਪਕ ਗੁਰਮੀਤ ਸਿੰਘ ਸਟਾਫ਼ ਦੇ ਨਾਲ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਅੰਦਰ ਲੁਕੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿਚ ਆਤਮਵਿਸ਼ਵਾਸ, ਮੁਕਾਬਲੇ ਦੀ ਭਾਵਨਾ ਅਤੇ ਮੰਚ 'ਤੇ ਆਪਣੀ ਗੱਲ ਪੇਸ਼ ਕਰਨ ਦੀ ਸਮਰੱਥਾ ਵੀ ਪੈਦਾ ਕਰਦੇ ਹਨ |