ਕਾਹਨੂੰਵਾਨ/ਭੈਣੀ ਮੀਆਂ ਖਾਂ, 17 ਮਈ (ਨਿਸ਼ਾਨ ਸਿੰਘ ਚਾਹਲ/ਜਸਬੀਰ ਸਿੰਘ ਬਾਜਵਾ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਕਸਬਾ ਚੱਕ ਸਰੀਫ ਦੇ ਚੌਕ 'ਚ ਸਥਿਤ ਦੋ ਮੰਜ਼ਿਲਾਂ ਮਠਿਆਈ ਦੀ ਦੁਕਾਨ 'ਚੋਂ ਚੋਰ ਹਜ਼ਾਰਾਂ ਰੁਪਏ ਚੋਰੀ ਕਰਕੇ ਲੈ ਗਏ | ਦੁਕਾਨ ਮਾਲਕ ਰਾਮ ਚੰਦ ਪੁੱਤਰ ਬਾਊ ਰਾਮ ਵਾਸੀ ਪਿੰਡ ਬਲਵੰਡਾ ਨੇ ਦੱਸਿਆ ਕਿ ਅੱਜ ਐਤਵਾਰ ਸਵੇਰੇ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਗੱਲਾ ਖੁੱਲਿਆ ਹੋਇਆ ਸੀ | ਜਦੋਂ ਪੈਸਿਆਂ ਵਾਲੇ ਗੱਲੇ ਨੂੰ ਚੈੱਕ ਕੀਤਾ ਤਾਂ 80 ਹਜ਼ਾਰ ਰੁਪਏ ਗਾਇਬ ਸੀ, ਜੋ ਉਸ ਨੇ ਕਿਸੇ ਨੂੰ ਦੇਣ ਵਾਸਤੇ ਰੱਖੇ ਸਨ | ਪੀੜਤ ਦੁਕਾਨਦਾਰ ਨੇ ਦੱਸਿਆ ਕਿ ਕਿਸੇ ਅਣਪਛਾਤੇ ਚੋਰਾਂ ਵਲੋਂ ਦੁਕਾਨ ਦੀ ਦੂਸਰੀ ਮੰਜਿਲ ਦੀ ਬਾਰੀ ਦਾ ਕੁੰਡਾ ਤੋੜ ਕੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ | ਚੋਰੀ ਦੀ ਇਹ ਵਾਰਦਾਤ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ | ਦੁਕਾਨਦਾਰ ਵਲੋਂ ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਅੰਦਰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ | ਮੌਕੇ 'ਤੇ ਪੁੱਜੀ ਪੁਲਿਸ ਵਲੋਂ ਦੁਕਾਨ ਅੰਦਰ ਲੱਗੇ ਕੈਮਰਿਆਂ ਦੀ ਰਿੰਕਾਡਿੰਗ ਦੇ ਆਧਾਰ 'ਤੇ ਚੋਰੀ ਦੀ ਇਸ ਵਾਰਦਾਤ ਨੂੰ ਸੁਲਝਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ |