ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਅੱਜ ਦੁਪਹਿਰ ਵੇਲੇ ਗੁਰਦਾਸਪੁਰ ਮੁਕੇਰੀਆਂ ਰੋਡ 'ਤੇ ਪੈਂਦੇ ਪਿੰਡ ਟਾਂਡਾ ਤੇ ਦਾਊਵਾਲ ਵਿਚਕਾਰ ਅਣਪਛਾਤੇ ਵਾਹਣ ਵਲੋਂ ਟੱਕਰ ਮਾਰਨ 'ਤੇ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ ਕੁਲਵਿੰਦਰ ਸਿੰਘ ਸੈਣੀ, ਏ.ਐਸ.ਆਈ ਰਾਜਵਿੰਦਰ ਸਿੰਘ, ਸਿਪਾਹੀ ਕੁਲਭੂਸ਼ਣ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਤੇ ਮਿ੍ਤਕਾਂ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੀ ਪਹਿਚਾਣ ਕੈਪਟਨ ਮਾਧੋ ਸਿੰਘ ਪੁੱਤਰ ਸਵਰਨ ਸਿੰਘ ਤੇ ਪਤਨੀ ਜਗਦੀਸ਼ ਕੌਰ ਵਾਸੀ ਕੋਟਲੀ ਸੈਣੀਆਂ ਵਜੋਂ ਹੋਈ ਹੈ | ਸ਼ਾਲਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਗੁਰਦਾਸਪੁਰ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਪਤੀ ਪਤਨੀ ਮੋਟਰਸਾਈਕਲ ਨੰਬਰ ਪੀ.ਬੀ.06.ਵਾਏ.8794 'ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਰਸਤੇ ਵਿਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ | ਉਨ੍ਹਾਂ ਦੱਸਿਆ ਕਿ ਅਣਪਛਾਤੇ ਵਾਹਣ ਦੀ ਭਾਲ ਲਈ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ | ਮਿ੍ਤਕ ਆਪਣੇ ਪਿੱਛੇ ਇਕ ਲੜਕਾ ਤੇ ਚਾਰ ਲੜਕੀਆਂ ਛੱਡ ਗਏ ਹਨ | ਮਿ੍ਤਕਾਂ ਦੇ ਪਰਿਵਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਹੈ ਕਿ ਜਲਦ ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਇਨਸਾਫ ਦਿਵਾਇਆ ਜਾਵੇ |