ਕਲਾਨੌਰ, 17 ਮਈ (ਪੁਰੇਵਾਲ)-ਸਥਾਨਕ ਸਾਹਿਬਜ਼ਾਦਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲਈ ਇਹ ਬਹੁਤ ਹੀ ਮਾਣ ਤੇ ਖੁਸ਼ੀ ਦਾ ਵਿਸ਼ਾ ਹੈ ਕਿ ਸਕੂਲ ਦੇ ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੂੰ ਵਿਗਿਆਨ ਖੇਤਰ 'ਚ ਸ਼ਾਨਦਾਰ ਯੋਗਦਾਨ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ | ਇਹ ਸਨਮਾਨ ਆਈ.ਆਈ.ਟੀ. ਅਹਿਮਦਾਬਾਦ ਵਿਖੇ ਹੋ ਰਹੇ ਇਕ ਰਾਸ਼ਟਰ ਪੱਧਰੀ ਸਮਾਗਮ ਦੌਰਾਨ ਕੀਤਾ ਜਾਵੇਗਾ, ਜੋ ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ ਕਲਕੱਤਾ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਅਦਾਰੇ ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਅਤੇ ਵਿਗਿਆਨ ਭਾਰਤੀ ਵਲੋਂ ਕਰਵਾਇਆ ਜਾ ਰਿਹਾ ਹੈ | ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੂੰ ਵਿਗਿਆਨ ਸਿੱਖਿਆ ਦੇ ਖੇਤਰ 'ਚ ਕੀਤੇ ਗਏ ਉਲੇਖਣਯੋਗ ਕੰਮ, ਵਿਦਿਆਰਥੀਆਂ 'ਚ ਵਿਗਿਆਨਕ ਸੋਚ ਦੇ ਵਿਕਾਸ ਤੇ ਨਵੀਂ ਤਕਨੀਕੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਨਿਵਾਜਿਆ ਜਾਵੇਗਾ | ਉਨ੍ਹਾਂ ਹਮੇਸ਼ਾ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਸਿੱਖਿਆ ਨਾਲ ਜੋੜਨ, ਵਿਗਿਆਨ ਪ੍ਰਦਰਸ਼ਨੀਆਂ ਅਤੇ ਸਟੈਮ ਵਿਸ਼ੇ ਨਾਲ ਸੰਬੰਧਿਤ ਰਾਸ਼ਟਰੀ ਪੱਧਰ ਦੀਆਂ ਵਿਗਿਆਨਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਹੈ | ਡਾ. ਸ਼ਰਨਪ੍ਰੀਤ ਸਿੰਘ ਇਸ ਸਮੇਂ 'ਵਿਦਿਆਰਥੀ ਵਿਗਿਆਨ ਮੰਥਨ' ਪ੍ਰੀਖਿਆ ਲਈ ਸਟੇਟ ਕੋਆਰਡੀਨੇਟਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਇਹ ਪ੍ਰੀਖਿਆ ਹਰ ਸਾਲ ਦੇਸ਼ ਭਰ 'ਚ ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ, ਐਨ.ਸੀ.ਈ.ਆਰ.ਟੀ., ਸਿੱਖਿਆ ਮੰਤਰਾਲਾ ਅਤੇ ਵਿਗਿਆਨ ਭਾਰਤੀ ਵਲੋਂ ਸਾਂਝੇ ਤੌਰ 'ਤੇ ਕਰਵਾਈ ਜਾਂਦੀ ਹੈ | ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ, ਨੌਜਵਾਨ ਵਿਗਿਆਨੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਦੀ ਵਿਗਿਆਨਕ ਵਿਰਾਸਤ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਹੈ | ਸਟੇਟ ਕੋਆਰਡੀਨੇਟਰ ਦੇ ਤੌਰ 'ਤੇ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਪੰਜਾਬ ਭਰ ਦੇ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਨਾਲ ਜੋੜਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ | ਸਾਹਿਬਜ਼ਾਦਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਨੇ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੂੰ ਇਸ ਵੱਡੀ ਉਪਲੱਬਧੀ ਲਈ ਵਧਾਈ ਦਿੱਤੀ |