ਕੋਟਲੀ ਸੂਰਤ ਮੱਲ੍ਹੀ, 18 ਮਈ (ਕੁਲਦੀਪ ਸਿੰਘ ਨਾਗਰਾ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ 32ਵੀਂ ਸਾਲਾਨਾ ਪੈਦਲ ਯਾਤਰਾ ਦਾ ਵੱਡਾ ਸਵਾਗਤ ਕਰਨ ਲਈ ਇਲਾਕੇ ਭਰ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਟਰੇਡ ਸੈੱਲ ਦੇ ਕਨਵੀਨਰ ਤੇ ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਨੇ ਪੈਦਲ ਯਾਤਰਾ ਦੇ ਸਵਾਗਤ ਲਈ ਸੰਗਤਾਂ ਨੂੰ ਲਾਮਬੰਦ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਕਦਮ-ਕਦਮ ਸਤਿਨਾਮ ਵਾਹਿਗੁਰੂ ਤੇ ਇਲਾਹੀ ਗੁਰਬਾਣੀ ਦੇ ਜਾਪ ਕਰਦੀਆਂ ਸੰਗਤਾਂ 35 ਦਿਨਾਂ 'ਚ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਕੇ ਵਾਪਸ ਪਰਤਣਗੀਆਂ | ਉਨ੍ਹਾਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਦੇ ਮੁਖੀ ਡਾਕਟਰ ਗੁਰਦੇਵ ਸਿੰਘ ਰੰਧਾਵਾ ਤੇ ਉਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ ਵਲੋਂ ਸਮਾਜ ਅੰਦਰ ਲੋਕਾਂ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੇ ਪੈਦਲ ਯਾਤਰਾ ਦੇ ਉਦਮ ਉਪਰਾਲੇ ਲਈ ਕੀਤੇ ਜਾਂਦੇ ਵੱਡੇ ਕਾਰਜਾਂ ਲਈ ਉਨ੍ਹਾਂ ਦੀ ਸ਼ਾਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਦੇ ਮੁਖੀ ਡਾ. ਗੁਰਦੇਵ ਸਿੰਘ ਰੰਧਾਵਾ ਦੇ ਉਦਮ ਉਪਰਾਲੇ ਨਾਲ ਗੁੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਸ਼ੁਰੂ ਕੀਤੀ ਜਾ ਰਹੀ ਸਾਲਾਨਾ 35 ਦਿਨਾਂ ਦੀ ਪੈਦਲ ਯਾਤਰਾ ਵਿਚ ਵੱਡੀ ਗਿਣਤੀ 'ਚ ਸੰਗਤਾਂ ਸ਼ਮੂਲੀਅਤ ਕਰਨਗੀਆਂ | ਉਨ੍ਹਾਂ ਦੱਸਿਆ ਕਿ ਪੈਦਲ ਯਾਤਰਾ ਦੇ ਸਵਾਗਤ ਲਈ ਸੰਗਤਾਂ ਵਲੋਂ ਜਗ੍ਹਾ-ਜਗ੍ਹਾ 'ਤੇ ਵਿਸ਼ਾਲ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ | ਇਸ ਮੌਕੇ ਬਾਬਾ ਨਿਰਮਲ ਸਿੰਘ ਕੋਟਲੀ, ਪ੍ਰਭ ਢਿੱਲੋਂ ਦੋਲੋਵਾਲ, ਗੁਰਪ੍ਰੀਤ ਸਿੰਘ ਦੋਲੋਵਾਲ, ਗੁਰਮੀਤ ਸਿੰਘ ਬਾਬਾ ਗੀਤਾ, ਜਨਕ ਰਾਜ ਸੋਨੀ, ਅਭੀ ਸੋਨੀ, ਨਵਪ੍ਰੀਤ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ |