ਫ਼ਤਹਿਗੜ੍ਹ ਚੂੜੀਆਂ, 18 ਮਈ (ਅਵਤਾਰ ਸਿੰਘ ਰੰਧਾਵਾ)-ਨਗਰ ਕੌਂਸਲ ਚੋਣਾਂ ਸਬੰਧੀ ਸਾਰੇ ਚੰਗੇ ਉਮੀਦਵਾਰਾਂ ਨੂੰ ਫ਼ਤਹਿਗੜ੍ਹ ਦੀਆਂ 13 ਵਾਰਡਾਂ ਤੋਂ ਚੋਣਾਂ ਲਈ ਉਤਾਰਿਆ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਨੇ ਕੀਤਾ | ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਪਿਤਾ ਨਿਰਮਲ ਸਿੰਘ ਕਾਹਲੋਂ ਨੇ ਆਪਣੀ ਹਯਾਤੀ ਦੌਰਾਨ ਹਲਕੇ ਅੰਦਰ ਵੱਡੀ ਸੇਵਾ ਨਿਭਾਉਂਦੇ ਹੋਏ ਸਾਡੇ ਪਰਿਵਾਰ ਲਈ ਹਲਕਾ ਵਾਸੀਆਂ ਦੇ ਦਿਲਾਂ ਵਿਚ ਚੰਗੀ ਜਗ੍ਹਾ ਬਣਾਈ ਹੈ, ਜਿਸ ਕਰਕੇ ਅੱਜ ਵੀ ਸਮੁੱਚੇ ਹਲਕੇ ਦੇ ਲੋਕ ਕਾਹਲੋਂ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ ਫ਼ਤਹਿਗੜ੍ਹ ਚੂੜੀਆਂ ਦੀਆਂ ਗਲੀਆਂ-ਬਾਜ਼ਾਰਾਂ ਵਿਚ ਜਿੰਨੀ ਵੀ ਇੰਟਰਲਾਕ ਟਾਇਲ ਲੱਗੀ ਹੈ ਅਤੇ ਵੱਡੇ ਵਿਕਾਸ ਕਾਰਜ ਹੋਏ ਹਨ, ਉਹ ਕਾਹਲੋਂ ਪਰਿਵਾਰ ਦੀ ਦੇਣ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਏ ਕਰੀਬ 4 ਕਰੋੜ ਦੇ ਨਾਲ ਸ਼ਾਨਦਾਰ ਸੜਕਾਂ ਬਣਨੀਆਂ ਸ਼ੁਰੂ ਤਾਂ ਹੋਈਆਂ ਹਨ, ਪਰ ਕੰਮ ਵਿਚੇ ਲਟਕੇ ਪਏ ਹਨ | ਉਨ੍ਹਾਂ ਕਿਹਾ ਕਿ ਅਗਲੇ ਸਮੇਂ ਦੌਰਾਨ ਹੋਣ ਵਾਲੇ ਕੰਮਾਂ ਲਈ ਭਾਜਪਾ ਹਾਈਕਮਾਂਡ ਵਲੋਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਫ਼ਤਹਿਗੜ੍ਹ ਚੂੜੀਆਂ ਸਮੇਤ ਸਮੁੱਚੇ ਹਲਕੇ ਨੂੰ ਆਲੀਸ਼ਾਨ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਇਸ ਮੌਕੇ ਅੰਮਿ੍ਤਪਾਲ ਸਿੰਘ ਲਵਲੀ, ਬਲਜੀਤ ਸਿੰਘ ਚੌਹਾਨ, ਜਗਦੀਪ ਸਿੰਘ ਸੋਨੂੰ ਰੰਧਾਵਾ ਆਦਿ ਹਾਜ਼ਰ ਸਨ |