ਗੁਰਦਾਸਪੁਰ, 19 ਮਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਨਵਾਂ ਪਿੰਡ ਬਹਾਦਰ ਵਿਖੇ ਇਕ ਕਾਰ ਚਾਲਕ ਵਲੋਂ ਸਕੂਟਰੀ 'ਚ ਜਾਣਬੁਝ ਕੇ ਗੱਡੀ ਮਾਰਨ ਤੇ ਪਤੀ ਪਤਨੀ ਦੀ ਕੁੱਟਮਾਰ ਕਰਨ ਦੇ ਨਾਲ ਨਾਲ ਦਾਤਰ ਮਾਰ ਕੇ ਉਨ੍ਹਾਂ ਨੰੂ ਜ਼ਖਮੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ | ਦੁਕਾਨਦਾਰ ਸੁਖਵਿੰਦਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਨਵਾਂ ਪਿੰਡ ਬਹਾਦਰ ਪੁਰਾਣਾ ਸ਼ਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੀ 16 ਮਈ ਨੂੰ ਸ਼ਾਮ 6:30 ਵਜੇ ਦੇ ਕਰੀਬ ਉਸ ਦੀ ਪਤਨੀ ਤਲਵਿੰਦਰ ਕੌਰ ਆਪਣੀ ਨੂੰਹ ਤੇ ਤਿੰਨ ਮਹੀਨੇ ਦੀ ਪੋਤਰੀ ਸਮੇਤ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਤੋਂ ਮੱਥਾ ਟੇਕ ਕੇ ਆਏ ਸਨ ਕਿ ਉਨ੍ਹਾਂ ਨੇ ਆਪਣੀ ਦੁਕਾਨ ਅੱਗੇ ਸਕੂਟਰੀ ਖੜ੍ਹੀ ਕੀਤੀ ਤਾਂ ਇੰਨੇ ਨੂੰ ਕਾਰ ਚਾਲਕ ਵਰਿੰਦਰ ਸਿੰਘ ਉਰਫ ਵਿੱਕੀ ਪੁੱਤਰ ਜੇਲੀ ਵਾਸੀ ਗੋਹਤ ਪੋਖਰ ਨੇ ਆ ਕੇ ਉਨ੍ਹਾਂ ਦੀ ਸਕੂਟਰੀ 'ਚ ਸਿੱਧੀ ਗੱਡੀ ਮਾਰ ਕੇ ਦੁਕਾਨ ਦੇ ਅੱਗੇ ਸੁੱਟ ਦਿੱਤੀ | ਜਿਸ ਨਾਲ ਦੁਕਾਨ ਦੇ ਸਮਾਨ ਦਾ ਵੀ ਨੁਕਸਾਨ ਹੋਇਆ | ਜਦੋਂ ਤਲਵਿੰਦਰ ਕੌਰ ਨੇ ਕਾਰ ਚਾਲਕ ਦਾ ਵਿਰੋਧ ਕੀਤਾ ਤਾਂ ਉਸ ਨੂੰ ਵਾਲਾਂ ਤੋਂ ਫੜ ਕੇ ਸਟੇਅਰਿੰਗ 'ਤੇ ਉਸ ਦਾ ਸਿਰ ਮਾਰਨਾ ਸ਼ੁਰੂ ਕਰ ਦਿੱਤਾ ਤੇ ਬਾਅਦ 'ਚ ਗੱਡੀ 'ਚੋਂ ਦਾਤਰ ਕੱਢ ਕੇ ਉਨ੍ਹਾਂ ਦੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ | ਇੱਥੋਂ ਤੱਕ ਕਿ ਉਸ ਨੰੂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਗਾਲੀ ਗਲੋਚ ਕੀਤਾ ਤੇ ਬਾਅਦ ਵਿਚ ਉਕਤ ਚਾਲਕ ਗੱਡੀ ਸਮੇਤ ਤੋਂ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਸਮੇਂ ਸਿਰ ਮੌਕੇ 'ਤੇ ਪਹੁੰਚ ਗਏ, ਨਹੀਂ ਤਾਂ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ | ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਕਥਿਤ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਲਈ ਪੁਰਾਣਾ ਸ਼ਾਲਾ ਪੁਲਿਸ ਨੰੂ ਹਦਾਇਤਾਂ ਕੀਤੀਆਂ ਜਾਣ | ਇਸ ਸਬੰਧੀ ਜਦੋਂ ਵਿਰੋਧੀ ਧਿਰ ਦੇ ਵਰਿੰਦਰ ਸਿੰਘ ਉਰਫ਼ ਵਿਕੀ ਨਾਲ ਗੱਲਬਾਤ ਕੀਤੀ ਤਾਂ ਕਿਹਾ ਕਿ ਇਨ੍ਹਾਂ ਨੇ ਵੀ ਮੇਰੀ ਕੁੱਟਮਾਰ ਕੀਤੀ ਹੈ, ਹੁਣ ਉਹ ਗੁਰਦਾਸਪੁਰ ਵਿਖੇ ਜ਼ੇਰੇ ਇਲਾਜ ਹੈ, ਜਿਸ ਦੀ ਮੈਡੀਕਲ ਰਿਪੋਰਟ ਆਉਣ 'ਤੇ ਪਤਾ ਲੱਗੇਗਾ |