ਗੁਰਦਾਸਪੁਰ, 3 ਜੂਨ (ਚੱਕਰਾਜਾ)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਐਲਾਨੇ ਚੋਣ ਪ੍ਰੋਗਰਾਮ ਅਨੁਸਾਰ ਗੁਰਦਾਸਪੁਰ ਤੇ ਦੀਨਾਨਗਰ ਦੀਆਂ ਚੋਣਾਂ 13 ਜੂਨ ਨੰੂ ਹੋ ਰਹੀਆਂ ਹਨ | ਜਿਸ ਸਬੰਧੀ ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ ਗੁਰਦਾਸਪੁਰ ਤੋਂ 36 ਤੇ ਦੀਨਾਨਗਰ ਤੋਂ 49 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ | ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਚੋਣਕਾਰ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਗੁਰਦਾਸਪੁਰ ਨਗਰ ਕੌਂਸਲ ਲਈ ਕੁੱਲ 170 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ | ਜਦੋਂ ਕਿ ਗੁਰਦਾਸਪੁਰ ਨਗਰ ਕੌਂਸਲ ਦੇ ਕੁੱਲ ਵਾਰਡ 29 ਹਨ | ਇਸੇ ਤਰ੍ਹਾਂ ਦੀਨਾਨਗਰ ਨਗਰ ਕੌਂਸਲ ਦੀਆਂ 15 ਵਾਰਡਾਂ ਲਈ ਕੁੱਲ 95 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ 4 ਜੂਨ ਨੂੰ ਹੋਵੇਗੀ ਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 5 ਜੂਨ ਦੁਪਹਿਰ 3 ਵਜੇ ਤੱਕ ਹੈ | ਉਨ੍ਹਾਂ ਦੱਸਿਆ ਕਿ ਪੋਲਿੰਗ 13 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਤੇ ਵੋਟਾਂ ਦੀ ਗਿਣਤੀ ਵੋਟਾਂ ਪੈਣ ਉਪਰੰਤ ਉਸੇ ਦਿਨ ਹੀ ਕੀਤੀ ਜਾਵੇਗੀ |