ਘਰੋਟਾ, 3 ਜੂਨ (ਸੰਜੀਵ ਗੁਪਤਾ)-ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭੀਮਪੁਰ ਰੈਸਟ ਹਾਊਸ ਨੇੜੇ ਨਿਰਮਾਣ ਅਧੀਨ ਨਹਿਰੀ ਖਾਲ ਦਾ ਅਚਾਨਕ ਦੌਰਾ ਕਰਕੇ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ | ਇਸ ਮੌਕੇ ਉਨ੍ਹਾਂ ਨੇ ਕਿਸਾਨ ਭਰਾਵਾਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਵੀ ਸੁਣੇ | ਕੈਬਨਿਟ ਮੰਤਰੀ ਨੇ ਦੱਸਿਆ ਕਿ ਬੁਰਜੀ ਨੰਬਰ 78050 ਤੋਂ ਰੈਸਟ ਹਾਊਸ ਨੇੜੇ ਤੱਕ ਕਰੀਬ 5200 ਫੁੱਟ ਲੰਬੀ ਖਾਲ ਨੂੰ ਕੱਚੇ ਤੋਂ ਪੱਕਾ ਕੀਤਾ ਜਾ ਰਿਹਾ ਹੈ | ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਭੀਮਪੁਰ, ਖੰਨੀ ਖੂਹੀ ਖੇਤਰ ਦੀ ਲਗਭਗ 250 ਏਕੜ ਖੇਤੀਬਾੜੀ ਜ਼ਮੀਨ ਨੂੰ ਸਿੱਧਾ ਲਾਭ ਮਿਲੇਗਾ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਭਰਪੂਰ ਨਹਿਰੀ ਪਾਣੀ ਉਪਲਬਧ ਹੋਵੇਗਾ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਸੂਬੇ ਵਿੱਚ ਸਿਰਫ਼ 20.89 ਲੱਖ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਮਿਲਦਾ ਸੀ, ਉੱਥੇ ਅੱਜ ਇਹ ਅੰਕੜਾ ਵੱਧ ਕੇ 58 ਲੱਖ ਏਕੜ ਤੱਕ ਪਹੁੰਚ ਗਿਆ ਹੈ | ਕਿਸਾਨਾਂ ਨੇ ਚੱਲ ਰਹੇ ਵਿਕਾਸ ਕਾਰਜਾਂ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ |