ਤਾਰਾਗੜ੍ਹ, 3 ਜੂਨ (ਸੋਹਨ ਲਾਲ)-ਭਾਜਪਾ ਐਸ.ਸੀ. ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੇਵਾ ਮੁਕਤ ਇੰਸਪੈਕਟਰ ਅਵਤਾਰ ਸਿੰਘ ਵਲੋਂ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ ਤੇ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਸੰਭਾਲਣ 'ਤੇ ਉਨ੍ਹਾਂ ਪੰਜਾਬ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ | ਗੱਲਬਾਤ ਦੌਰਾਨ ਸੇਵਾ ਮੁਕਤ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਾਕਾਤ ਦੌਰਾਨ 2027 ਪੰਜਾਬ ਵਿਧਾਨ ਸਭਾ ਚੋਣਾਂ ਤੇ ਸੂਬੇ ਦੀ ਤਰੱਕੀ ਲਈ ਭਾਜਪਾ ਦੇ ਏਜੰਡੇ ਬਾਰੇ ਵਿਸਥਾਰ ਪੂਰਵਕ ਚਰਚਾ ਹੋਈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਭੋਆ ਵਿਧਾਨ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ | ਦੱਸਣਯੋਗ ਹੈ ਕਿ ਸੇਵਾ ਮੁਕਤ ਇੰਸਪੈਕਟਰ ਅਵਤਾਰ ਸਿੰਘ 2012 ਵਿਧਾਨ ਸਭਾ ਚੋਣਾਂ ਲਈ ਭੋਆ ਹਲਕੇ ਤੋਂ ਬੀ.ਜੇ.ਪੀ. ਦੀ ਟਿਕਟ ਦੇ ਦਾਅਵੇਦਾਰ ਸਨ, ਪਰ ਕੁੱਝ ਕਾਰਨਾਂ ਕਰਕੇ ਪਾਰਟੀ ਵਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ | ਪਰ ਫਿਰ ਵੀ ਉਹ ਪਾਰਟੀ ਨਾਲ ਜੁੜੇ ਰਹੇ ਅਤੇ ਪਾਰਟੀ ਵਲੋਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਂਦੇ ਰਹੇ ਤੇ ਨਿਭਾਅ ਰਹੇ ਹਨ | ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਵਿਚ ਬੀ.ਜੇ.ਪੀ. ਸਰਕਾਰ ਦਾ ਆਉਣਾ ਤੈਅ ਹੈ, ਕਿਉਂਕਿ ਪੰਜਾਬ ਦੀ ਜਨਤਾ ਕਾਂਗਰਸ ਤੇ ਅਕਾਲੀਆਂ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਰਾਜ ਵਿਚ ਵੀ ਨਸ਼ਾ ਤੇ ਗੈਂਗਸਟਰਾਂ ਵਿਚ ਵਾਧਾ ਹੋਇਆ ਹੈ |