ਕਲਾਨੌਰ, 4 ਜੂਨ (ਪੁਰੇਵਾਲ)-ਸਥਾਨਕ ਮੁਲਤਾਨੀ ਹਸਪਤਾਲ 'ਚ ਬੀਤੇ ਦਿਨ ਵਾਪਰੀ ਗ੍ਰਨੇਡ ਹਮਲੇ ਦੀ ਘਟਨਾ ਤੋਂ ਬਾਅਦ ਅੱਜ ਡਾ. ਅਮਰਬੀਰ ਸਿੰਘ ਮੁਲਤਾਨੀ ਤੇ ਡਾ.ਐੱਸ.ਪੀ. ਸਿੰਘ ਮੁਲਤਾਨੀ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਕੋਲ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ | ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਐੱਮ.ਪੀ. ਰੰਧਾਵਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਪੰਜਾਬ ਦੇ ਡੀ.ਜੀ.ਪੀ. ਨੂੰ ਖਰੀਆਂ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਹੋਟ ਸਪਾਟ ਤੋਂ ਬਚਾਉਣ ਲਈ ਬਾਹਰ ਨਿਕਲ ਕੇ ਲੋਕਾਂ 'ਚ ਆ ਕੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਪੈਰਵਾਈ ਕਰਨੀ ਚਾਹੀਦੀ ਹੈ | ਐੱਮ.ਪੀ. ਰੰਧਾਵਾ ਨੇ ਕਿਹਾ ਕਿ ਇਥੇ ਹਾਲਾਤ ਇਸ ਤਰ੍ਹਾਂ ਦੇ ਬਣੇ ਹਨ ਕਿ ਨਾ ਤਾਂ ਡੀ.ਜੀ.ਪੀ. ਦੀ ਕੋਈ ਮੰਨ ਰਿਹਾ ਹੈ ਅਤੇ ਨਾ ਹੀ ਐੱਸ.ਐੱਚ.ਓ. ਆਪਣੇ ਐੱਸ.ਐੱਸ.ਪੀ. ਦੇ ਹੁਕਮਾਂ ਦੀ ਤਾਮੀਲ ਕਰ ਰਹੇ ਹਨ, ਜਿਸ ਕਾਰਨ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ, ਜਿਸ ਦਾ ਖਮਿਆਜ਼ਾ ਸੂਬੇ ਦੇ ਆਮ ਤੇ ਸ਼ਾਂਤੀ ਪਸੰਦ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਡੀ.ਜੀ.ਪੀ. ਨੂੰ ਜਰਨੈਲ ਬਣਨ ਦੀ ਅਪੀਲ ਕੀਤੀ | ਐਮ.ਪੀ. ਰੰਧਾਵਾ ਨੇ ਕਿਹਾ ਕਿ 2 ਤਾਰੀਖ ਦਾ ਗ੍ਰਨੇਡ ਹਮਲਾ ਹੋਇਆ ਹੋਵੇ ਤੇ ਘਟਨਾ ਸਥਾਨ ਸਮੇਤ ਸਬੰਧਤਾਂ ਦੀ ਅਜੇ ਤੱਕ ਪੰਜਾਬ ਪੁਲਿਸ ਵਲੋਂ ਕੋਈ ਸੁਰੱਖਿਆ ਦਾ ਪ੍ਰਬੰਧ ਨਾ ਹੋਵੇ, ਉਲਟਾ ਪੁਲਿਸ ਵਲੋਂ ਪੀੜਤਾਂ ਨੂੰ ਇਹ ਕਹਿਣਾ ਕਿ ਹੁਣ ਤੁਹਾਨੂੰ ਕੋਈ ਕਾਲ ਨਹੀਂ ਆਵੇਗੀ, ਜਦਕਿ ਫ਼ੋਨ ਕਾਲਾਂ ਪਹਿਲਾਂ ਨਾਲੋਂ ਜ਼ਿਆਦਾ ਆਉਣ ਲੱਗ ਪੈਣ | ਇਸ ਤਰ੍ਹਾਂ ਦਾ ਵਰਤਾਰਾ ਸ਼ੱਕ ਦੇ ਘੇਰੇ 'ਚ ਹੈ ਤੇ ਪੰਜਾਬ ਦੀ ਸੁਰੱਖਿਆ ਦੇ ਮਾਮਲੇ 'ਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਗੰਭੀਰਤਾ ਵਿਖਾਉਣੀ ਚਾਹੀਦੀ ਹੈ | ਐੱਮ.ਪੀ. ਰੰਧਾਵਾ ਨੇ ਕਿਹਾ ਕਿ 50 ਕਿਲੋਮੀਟਰ ਦੇ ਘੇਰੇ 'ਚ ਬੀ.ਐੱਸ.ਐੱਫ. ਦੀ ਸੁਰੱਖਿਆ ਹੈ, ਜਦਕਿ ਇਸ ਦੇ ਬਾਵਜੂਦ ਵੀ ਸਰਹੱਦ ਰਾਹੀਂ ਨਸ਼ਿਆਂ ਤੇ ਹਥਿਆਰ ਆਉਣ ਦਾ ਨਿਰਵਿਘਨ ਪ੍ਰਚਲਣ ਗੰਭੀਰ ਚਿੰਤਾ ਦਾ ਵਿਸ਼ਾ ਹੈ | ਸ: ਰੰਧਾਵਾ ਨੇ ਕਿਹਾ ਕਿ ਹੁਣ ਹਾਲਾਤ ਅੱਤਵਾਦੀ ਸਮੇਂ ਦੇ ਹਾਲਾਤਾਂ ਤੋਂ ਵੀ ਬਦਤਰ ਹੋ ਚੁੱਕੇ ਹਨ | ਇਸ ਮੌਕੇ 'ਤੇ ਚੇਅ. ਬਲਜੀਤ ਸਿੰਘ ਅਵਾਣ, ਚੇਅ. ਹਰਵਿੰਦਰ ਸਿੰਘ ਅਲਾਵਲਪੁਰ, ਹਰਵਿੰਦਰਪਾਲ ਸਿੰਘ ਬੰਟੀ ਦਲੇਲਪੁਰ, ਮਨਿੰਦਰ ਸਿੰਘ ਮੰਨੂੰ ਸਰਜੇਚੱਕ, ਨਿੰਦਰ ਸਿੰਘ ਬਿਸ਼ਨਕੋਟ, ਸੰਤ ਹਰਪਾਲ ਸਿੰਘ ਕਾਹਲੋਂ, ਟੋਨੀ ਸੱਚਰ, ਰਜਨੀਸ਼ ਸ਼ਰਮਾ ਨੋਨੀ, ਗੌਰਵ ਸਲਹੋਤਰਾ, ਮਨਜੀਤ ਸਿੰਘ ਚਿੱਕੜੀ, ਸੁੱਖਾ ਮੱਲ੍ਹੀ, ਸਰਬਜੀਤ ਬਿੱਟੂ ਖੁੱਲਰ ਸਾ. ਬਲਾਕ ਪ੍ਰਧਾਨ ਸਮੇਤ ਹੋਰ ਵਰਕਰ ਵੀ ਹਾਜ਼ਰ ਰਹੇ |