ਹਰਚੋਵਾਲ, 4 ਜੂਨ (ਰਣਜੋਧ ਸਿੰਘ ਭਾਮ/ਢਿੱਲੋਂ)-ਪਿੰਡ ਭਾਮ ਤੇ ਪਿੰਡ ਭਾਮ ਦੀ ਪੱਤੀ ਬਾਬਾ ਟਹਿਲ ਦਾਸ ਦੀ ਪੰਚਾਇਤ ਵਲੋਂ ਗ੍ਰਾਮ ਸਭਾ ਦਾ ਆਮ ਇਜਲਾਸ ਗੁਰਦੁਆਰਾ ਸੈਂਟਰ ਹਾਲ ਪਿੰਡ ਭਾਮ ਵਿਚ ਬੁਲਾਇਆ ਗਿਆ | ਇਸ ਮੌਕੇ ਗ੍ਰਾਮ ਸਭਾ ਦੇ ਆਮ ਇਜਲਾਸ 'ਚ ਪਿੰਡ ਦੀ ਭਲਾਈ ਲਈ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ | ਇਸ ਮੌਕੇ ਦੋਵਾਂ ਪਿੰਡਾਂ ਪੰਚਾਇਤਾਂ ਦੀਆਂ ਗ੍ਰਾਮ ਸਭਾ ਵਲੋਂ ਪਾਸ ਕੀਤੇ ਗਏ ਪਹਿਲੇ ਤੇ ਕਿਹਾ ਗਿਆ ਕਿ ਜੇ ਕਿਸੇ ਪਰਿਵਾਰ ਦਾ ਲੜਕਾ ਜਾਂ ਲੜਕੀ ਪਿੰਡ ਵਿਚ ਹੀ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਦੋਹਾਂ ਪਰਿਵਾਰਾਂ ਦਾ ਪਿੰਡ ਵਲੋਂ ਆਰਥਿਕ ਦੇ ਸਮਾਜਿਕ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ ਤੇ ਜੇਕਰ ਪਿੰਡ ਵਿਚ ਕੋਈ ਮੋਹਤਬਰ ਆਦਮੀ ਉਨ੍ਹਾਂ ਦਾ ਸਾਥ ਦੇਵੇਗਾ ਤਾਂ ਉਸ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ | ਦੂਜੇ ਮਤੇ ਵਿਚ ਜਿਨ੍ਹਾਂ ਪਰਿਵਾਰਾਂ ਵਿੱਚ ਕਿਸੇ ਕਾਰਨ ਉਨ੍ਹਾਂ ਦੇ ਬੱਚੇ ਨਸ਼ੇ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾਇਆ ਜਾਵੇਗਾ, ਖਾਸ ਕਰ ਜੋ ਲੋਕ ਨਸ਼ਾ ਵੇਚਦੇ ਹਨ, ਉਸ ਦਾ ਕੋਈ ਵੀ ਸਾਥ ਨਹੀਂ ਦੇਵੇਗਾ | ਇਸ ਮੌਕੇ ਦੋਹਾਂ ਹੀ ਪੰਚਾਇਤਾਂ ਦੇ ਸਰਪੰਚ, ਪੰਚ ਤੇ ਪਿੰਡ ਦੀਆਂ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ |