ਫ਼ਤਹਿਗੜ੍ਹ ਚੂੜੀਆਂ, 4 ਜੂਨ (ਐੱਮ.ਐੱਸ. ਫੁੱਲ)-ਕਸਬਾ ਫ਼ਤਹਿਗੜ੍ਹ ਚੂੜੀਆਂ ਦੇ ਨਾਲ ਲਗਦੇ ਪਿੰਡ ਪਿੰਡੀ ਦੇ ਡੀ.ਡੀ.ਆਈ. ਸਕੂਲ ਦੀ ਪਿ੍ੰਸੀਪਲ ਸਵਲੀਨ ਭਾਟੀਆ ਨੇ ਦੱਸਿਆ ਕਿ ਬੀਤੇ ਦਿਨੀਂ ਸੁਖਜਿੰਦਰ ਕਾਲਜ ਗੁਰਦਾਸਪੁਰ ਵਿਖੇ ਐੱਨ.ਸੀ.ਸੀ. ਦਾ ਇਕ ਕੈਂਪ ਲਗਾਇਆ ਗਿਆ ਸੀ, ਜਿਸ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸੇ ਤਹਿਤ ਡੀ.ਡੀ.ਆਈ. ਸਕੂਲ ਦੇ 14 ਵਿਦਿਆਰਥੀਆਂ, ਜਿਨ੍ਹਾਂ 'ਚ 9 ਲੜਕੀਆਂ ਤੇ 5 ਲੜਕਿਆਂ ਨੇ ਇਸ ਕੈਂਪ ਵਿਚ ਹਿੱਸਾ ਲਿਆ | ਪਿ੍ੰਸੀਪਲ ਸਵਲੀਨ ਭਾਟੀਆ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਇਹ 10 ਦਿਨ ਬਿਤਾਏ | ਕੈਂਪ ਦੌਰਾਨ ਸੁਖਜਿੰਦਰ ਕਾਲਜ ਵਿਖੇ ਐੱਨ.ਸੀ.ਸੀ. ਕੈਡਿਟਾਂ ਦੇ ਵੱਖ-ਵੱਖ ਖੇਡ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਡੀ.ਡੀ.ਆਈ. ਸਕੂਲ ਨੇ ਦੌੜ ਮੁਕਾਬਲੇ 'ਚ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਖੋ-ਖੋ ਦੇ ਮੁਕਾਬਲੇ 'ਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ | ਅੱਜ ਇਨ੍ਹਾਂ ਵਿਦਿਆਰਥੀਆਂ ਦੇ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਵਧਾਈ ਦਿੱਤੀ ਗਈ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਕੈਂਪ ਦਰਮਿਆਨ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਇਹ ਕੈਂਪ ਲਗਾਇਆ ਹੈ, ਉਮੀਦ ਹੈ ਕਿ ਉਹ ਇਸੇ ਤਰ੍ਹਾਂ ਹੀ ਸਕੂਲ ਵਿਚ ਵੀ ਪੂਰੇ ਅਨੁਸ਼ਾਸਨ 'ਚ ਰਹਿ ਕੇ ਆਪਣੀ ਪੜ੍ਹਾਈ ਪੂਰੀ ਮਿਹਨਤ ਅਤੇ ਲਗਨ ਨਾਲ ਪੂਰੀ ਕਰਨਗੇ |