ਪਠਾਨਕੋਟ, 4 ਜੂਨ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਦੀ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਨਵੇਂ ਅਕਾਦਮਿਕ ਸੈਸ਼ਨ 2026-27 'ਚ ਦਾਖ਼ਲਾ ਲੈਣ ਵਾਲੀਆਂ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਕਾਲਜ 'ਚ ਉਪਲੱਬਧ ਵੱਖ-ਵੱਖ ਅੰਡਰ ਗੈ੍ਰਜੂਏਟ, ਪੋਸਟ ਗ੍ਰੈਜੂਏਟ ਤੇ ਡਿਪਲੋਮਾ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਮਹਾਂਵਿਦਿਆਲਿਆ ਵਿਚ ਬੀ.ਐਸ.ਸੀ. (ਕੰਪਿਊਟਰ ਸਾਇੰਸ), ਫ਼ੈਸ਼ਨ ਡਿਜ਼ਾਈਨਿੰਗ, ਨਾਨ-ਮੈਡੀਕਲ, ਮੈਡੀਕਲ, ਇਕਨਾਮਿਕਸ, ਮੈਡੀਕਲ ਲੈਬ ਟੈਕਨਾਲੋਜੀ, ਬੀ.ਬੀ.ਏ. (ਹਸਪਤਾਲ ਮੈਨੇਜਮੈਂਟ), ਬੀ.ਕਾਮ ਤੇ ਬੀ.ਲਿਬ ਵਰਗੇ ਕੋਰਸ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ | ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਪੱਧਰ 'ਤੇ ਐਮ.ਐੱਸ.ਸੀ. (ਕੰਪਿਊਟਰ ਸਾਇੰਸ), ਐਮ.ਐੱਸ.ਸੀ. (ਫ਼ੈਸ਼ਨ ਡਿਜ਼ਾਈਨਿੰਗ), ਐਮ.ਕਾਮ, ਐਮ.ਏ. ਪੋਲੀਟੀਕਲ ਸਾਇੰਸ ਤੇ ਪੰਜਾਬੀ ਦੇ ਕੋਰਸ ਵੀ ਉਪਲੱਬਧ ਹਨ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸਾਂ 'ਚ ਕੰਪਿਊਟਰ ਐਪਲੀਕੇਸ਼ਨ, ਜੀ.ਐਸ.ਟੀ., ਕਾਸਮੈਟੋਲੋਜੀ ਅਤੇ ਰੇਡੀਓ ਜੌਕਿੰਗ ਸ਼ਾਮਿਲ ਹਨ, ਜਦਕਿ ਯੂ.ਜੀ. ਡਿਪਲੋਮਾ ਤਹਿਤ ਕਾਸਮੈਟੋਲੋਜੀ ਦਾ ਕੋਰਸ ਵੀ ਵਿਦਿਆਰਥਣਾਂ ਲਈ ਉਪਲੱਬਧ ਹੈ | ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਐਮ.ਸੀ.ਏ., ਐਮ.ਬੀ.ਏ. ਤੇ ਐਮ.ਏ. ਇੰਗਲਿਸ਼ ਵਰਗੇ ਨਵੇਂ ਕੋਰਸ ਸ਼ੁਰੂ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬੀ.ਏ. 'ਚ 19 ਤੋਂ ਵੱਧ ਵਿਸ਼ੇ ਉਪਲੱਬਧ ਹਨ, ਜਿਨ੍ਹਾਂ ਵਿਚ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਸਾਈਕਾਲੋਜੀ, ਭੂਗੋਲ ਤੇ ਐਜੂਕੇਸ਼ਨ ਵਰਗੇ ਵਿਸ਼ੇ ਵਿਦਿਆਰਥਣਾਂ ਨੂੰ ਵੱਖ-ਵੱਖ ਖੇਤਰਾਂ ਵਿਚ ਉੱਜਵਲ ਕਰੀਅਰ ਬਣਾਉਣ ਲਈ ਬਿਹਤਰੀਨ ਮੌਕੇ ਪ੍ਰਦਾਨ ਕਰਦੇ ਹਨ | ਇਸ ਦੇ ਨਾਲ-ਨਾਲ ਐਨ.ਸੀ.ਸੀ. ਅਤੇ ਐਨ.ਐਸ.ਐਸ. ਦੀਆਂ ਗਤੀਵਿਧੀਆਂ ਵੀ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਤੇ ਲੀਡਰਸ਼ਿਪ ਗੁਣਾਂ ਨੂੰ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ | ਇਸ ਮੌਕੇ ਡਾ: ਗੁਰਮੀਤ ਕੌਰ ਨੇ ਨਵੀਆਂ ਵਿਦਿਆਰਥਣਾਂ ਨੂੰ ਮਹਾਂਵਿਦਿਆਲਿਆ ਪਰਿਵਾਰ 'ਚ ਸ਼ਾਮਿਲ ਹੋਣ 'ਤੇ ਵਧਾਈ ਦਿੱਤੀ |