ਪਠਾਨਕੋਟ, 4 ਜੂਨ (ਸੁਮਿਤ)-ਇਕ ਸਾਲ ਪਹਿਲਾਂ ਆਏ ਭਿਆਨਕ ਹੜ੍ਹ ਦੌਰਾਨ ਘਰ ਨੁਕਸਾਨ ਹੋਣ ਤੋਂ ਬਾਅਦ ਰਾਮਦਾਸ ਦਾ ਪਰਿਵਾਰ ਅੱਜ ਵੀ ਸਰਕਾਰੀ ਮਦਦ ਦੀ ਉਡੀਕ ਕਰ ਰਿਹਾ ਹੈ | ਹੜ੍ਹ ਕਾਰਨ ਉਨ੍ਹਾਂ ਦੇ ਮਕਾਨ ਦਾ ਇਕ ਹਿੱਸਾ ਢਹਿ ਗਿਆ ਸੀ ਅਤੇ ਬਾਕੀ ਮਕਾਨ ਵੀ ਖੱਡ ਵੱਲ ਝੁਕ ਚੁੱਕਾ ਹੈ | ਜਿਸ ਕਾਰਨ ਪਰਿਵਾਰ ਖ਼ਤਰੇ ਦੇ ਸਾਏ ਹੇਠ ਜੀਵਨ ਬਤੀਤ ਕਰ ਰਿਹਾ ਹੈ | ਰਾਮਦਾਸ ਨੇ ਦੱਸਿਆ ਕਿ ਆਰਥਿਕ ਤੰਗੀ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਤਰ੍ਹਾਂ ਕੁਝ ਪੈਸਿਆਂ ਦਾ ਪ੍ਰਬੰਧ ਕਰਕੇ ਡਿੱਗੇ ਹੋਏ ਹਿੱਸੇ ਦੀ ਮੁਰੰਮਤ ਕਰਵਾ ਲਈ ਅਤੇ ਫ਼ਿਲਹਾਲ ਕੰਮ ਚਲਾਊ ਪ੍ਰਬੰਧ ਕੀਤਾ ਹੋਇਆ ਹੈ | ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹੜ੍ਹ ਨੇ ਉਨ੍ਹਾਂ ਦਾ ਸਭ ਕੁਝ ਤਬਾਹ ਕਰ ਦਿੱਤਾ, ਪਰ ਅੱਜ ਤੱਕ ਉਨ੍ਹਾਂ ਨੂੰ ਕਿਸੇ ਵੀ ਪੱਧਰ 'ਤੇ ਕੋਈ ਸਰਕਾਰੀ ਮਦਦ ਨਹੀਂ ਮਿਲੀ | ਰਾਮਦਾਸ ਦੇ ਮੁਤਾਬਿਕ ਹੜ੍ਹ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਅਧਿਕਾਰੀ ਉਨ੍ਹਾਂ ਦੇ ਘਰ ਆਏ ਅਤੇ ਮਦਦ ਦੇ ਭਰੋਸੇ ਦੇ ਕੇ ਚਲੇ ਗਏ, ਪਰ ਉਹ ਭਰੋਸੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਰਹੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਰਕਮ ਦਿੱਤੇ ਜਾਣ ਅਤੇ ਪਿੰਡਾਂ ਵਿਚ ਮਦਦ ਪਹੁੰਚਣ ਦੀਆਂ ਗੱਲਾਂ ਤਾਂ ਸੁਣੀਆਂ ਗਈਆਂ, ਪਰ ਉਨ੍ਹਾਂ ਦੇ ਪਰਿਵਾਰ ਤੱਕ ਕੋਈ ਸਹਾਇਤਾ ਨਹੀਂ ਪਹੁੰਚੀ | ਪੀੜਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਆਰਥਿਕ ਮਦਦ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਮਕਾਨ ਦੀ ਹਾਲਤ ਦਾ ਮੁੜ ਸਰਵੇ ਕਰਵਾ ਕੇ ਯੋਗ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ, ਤਾਂ ਜੋ ਉਹ ਆਪਣੇ ਲਈ ਇਕ ਸੁਰੱਖਿਅਤ ਰਹਿਣ ਦੀ ਥਾਂ ਦਾ ਪ੍ਰਬੰਧ ਕਰ ਸਕਣ |