ਬਟਾਲਾ, 9 ਜੂਨ (ਰਾਕੇਸ਼ ਰੇਖੀ)-ਸ਼ੋਸਲ ਮੀਡੀਆ ਰਾਹੀਂ ਦੋਸਤੀ ਕਰ ਕੇ ਸ਼ਾਦੀਸ਼ੁਦਾ ਔਰਤ ਨੂੰ ਅਗਵਾ ਕਰ ਕੇ ਬੰਧਕ ਬਣਾ ਕੇ ਰੱਖਣ ਅਤੇ ਉਸ ਦੇ ਗਹਿਣੇ ਰੱਖ ਲੈਣ ਦੇ ਦੋਸ਼ ਤਹਿਤ ਪੁਲਿਸ ਨੇ ਨੌਜਵਾਨ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ | ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਏ.ਐਸ.ਆਈ. ਜਗਜੀਤ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ | ਪਿੰਡ ਜੌੜੀਆਂ ਕਲਾਂ ਦੀ ਰਹਿਣ ਵਾਲੀ ਰਾਮ ਬਥੇਰੀ ਉਰਫ ਸੋਨੀਆ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਕਰੀਬ ਦੋ ਮਹੀਨੇ ਪਹਿਲੇ ਵੱਟਸਐਪ ਰਾਹੀਂ ਉਸ ਦੀ ਦੋਸਤੀ ਇਕ ਨੌਜਵਾਨ ਲਵਪ੍ਰੀਤ ਸਿੰਘ ਵਾਸੀ ਮਾਲਚੱਕ ਜ਼ਿਲ੍ਹਾ ਤਰਨਤਾਰਨ ਦੇ ਨਾਲ ਹੋ ਗਈ ਇਸ ਤੋਂ ਬਾਅਦ ਦੋਵਾਂ ਦੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਸੀ | 25 ਮਈ ਨੂੰ ਲਵਪ੍ਰੀਤ ਨੇ ਫੋਨ ਕਰ ਕੇ ਉਸ ਨੂੰ ਕਿਹਾ, ਉਸ ਦੀ ਮਾਤਾ ਦਬਮਾਰ ਹੈ, ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ, ਪਰ ਉਸ ਨੇ (ਸੋਨੀਆ) ਨੇ ਜਵਾਬ ਦਿੱਤਾ ਕਿ ਉਸ ਕੋਲ ਪੈਸੇ ਨਹੀਂ ਹਨ | ਇਸ 'ਤੇ ਲਵਪ੍ਰੀਤ ਸਿੰਘ ਨੇ ਉਸ ਨੂੰ ਕਿਹਾ ਕਿ ਤੇਰੇ ਕੋਲ ਜੋ ਕੁਝ ਹੈ, ਤੂੰ ਲੈ ਕੇ ਆ ਜਾ | ਸੋਨੀਆ ਨੇ ਪੁਲਿਸ ਨੂੰ ਦੱਸਿਆ ਕਿ 25 ਨੂੰ ਹੀ ਉਹ ਆਪਣੇ ਘਰੋਂ ਸੋਨੇ ਦੀਆਂ 2 ਚੂੜੀਆਂ, 2 ਅੰਗੂਠੀਆਂ, ਸੋਨੇ ਦੀ 1 ਚੇਨ ਅਤੇ 1 ਲੱਖ ਰੁਪਏ ਲੈ ਕੇ ਘਰੋਂ ਚਲੀ ਗਈ | ਪਿੰਡ ਦੇ ਬਾਹਰ ਮੌੜ 'ਤੇ ਲਵਪ੍ਰੀਤ ਸਿੰਘ ਨੇ ਆਪਣੀ ਕਾਰ 'ਤੇ ਆਇਆ ਹੋਇਆ ਸੀ ਤੇ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਬਿਠਾ ਕੇ ਆਪਣੇ ਪਿੰਡ ਮਾਲਚੱਕ ਜ਼ਿਲ੍ਹਾ ਤਰਨਤਾਰਨ ਲੈ ਗਿਆ | ਸੋਨੀਆ ਨੇ ਦੋਸ਼ ਲਗਾਇਆ ਕਿ ਆਪਣੇ ਪਿੰਡ ਲਿਜਾ ਕੇ ਲਵਪ੍ਰੀਤ, ਉਸ ਦੀ ਭੈਣ ਜੋਤੀ ਅਤੇ ਜੀਜਾ ਸੋਨੂੰ ਨੇ ਉਸ ਨੂੰ ਕਮਰੇ ਵਿਚ ਬੰਦ ਕਰ ਕੇ ਬਾਹਰੋਂ ਤਾਲਾ ਲਗਾ ਦਿੱਤਾ | ਉਸ ਨੂੰ ਬੰਧਕ ਬਣਾ ਕੇ ਉਸ ਦੇ ਸਾਰੇ ਗਹਿਣੇ ਅਤੇ ਪੈਸਾ ਆਪਣੇ ਕੋਲ ਰੱਖ ਲਿਆ | ਕਿਸੇ ਤਰ੍ਹਾਂ ਉਹ ਉਨ੍ਹਾਂ ਦੀ ਕੈਦ ਵਿਚੋਂ ਛੁੱਟ ਕੇ ਵਾਪਸ ਆ ਗਈ | ਏ.ਐਸ.ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਲਵਪ੍ਰੀਤ ਸਿੰਘ, ਉਸ ਦੀ ਭੈਣ ਜੋਤੀ ਤੇ ਜ਼ੀਜਾ ਸੋਨੂੰ ਦੇ ਖਿਲਾਫ ਬੀ.ਐਨ.ਐਸ. ਦੀ ਧਾਰਾ 140 (3) ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ |