ਕਾਦੀਆਂ, 9 ਜੂਨ (ਕੁਲਵਿੰਦਰ ਸਿੰਘ)-ਬਿਜਲੀ ਕਾਮਿਆਂ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ 'ਤੇ ਸੰਘਰਸ਼ ਕਰ ਰਹੇ ਸਿਖਲਾਈ ਅਧੀਨ ਲਾਇਨਮੈਨਾਂ ਉਪਰ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪਟਿਆਲਾ ਪੁਲਿਸ ਵਲੋਂ ਲਾਠੀਚਾਰਜ ਵਿਰੁੱਧ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜ਼ਮੈਂਟ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜ਼ਮੈਂਟ ਵਲੋਂ ਸ਼ਾਂਤਮਈ ਧਰਨਾ ਦੇ ਰਹੇ ਅਪ੍ਰੈਂਟਸ਼ਿਪ ਲਾਇਨਮੈਨਾਂ ਨਾਲ ਗੱਲਬਾਤ ਕਰ ਕੇ ਮਸਲੇ ਹੱਲ ਕਰਨ ਦੀ ਥਾਂ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕਰਕੇ ਹੱਕ ਮੰਗਦੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ | ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਸਰਕਲ ਗੁਰਦਾਸਪੁਰ ਦੇ ਪ੍ਰਧਾਨ ਜਗਤਾਰ ਸਿੰਘ ਖੁੰਡਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਜ ਸਿੰਘ, ਇੰਪਲਾਇਜ਼ ਫ਼ੈਡਰੇਸ਼ਨ ਏਟਕ ਦੇ ਆਗੂ ਦਲਜੀਤ ਸਿੰਘ ਸਿੱਧਵਾਂ, ਇੰਪਲਾਇਜ਼ ਫ਼ੈਡਰੇਸ਼ਨ ਚਾਹਲ ਦੇ ਆਗੂ ਬਲਜਿੰਦਰ ਸਿੰਘ ਬਾਜਵਾ, ਐੱਮ.ਯੂ.ਓ. ਦੇ ਆਗੂ ਜਸਵੀਰ ਸਿੰਘ ਕੋਟ ਨੇ ਕਿਹਾ ਕਿ ਸੰਘਰਸ਼ ਕਰ ਰਹੇ ਸਿਖਲਾਈ ਅਧੀਨ ਲਾਇਨਮੈਨਾਂ ਉਪਰ ਜਬਰ ਕਰ ਕੇ ਬੇਰੁਜ਼ਗਾਰ ਨੌਜਵਾਨਾਂ 'ਤੇ ਜ਼ਬਰ ਕਰ ਰਹੀ ਹੈ | ਬਿਜਲੀ ਕਾਮਿਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜੇਕਰ ਸੰਘਰਸ਼ ਕਰ ਰਹੇ ਸਿਖਲਾਈ ਅਧੀਨ ਲਾਇਨਮੈਨਾਂ ਨਾਲ ਗੱਲਬਾਤ ਕਰ ਕੇ ਮਸਲੇ ਹੱਲ ਨਾ ਕੀਤੇ ਤਾਂ ਜਥੇਬੰਦੀਆਂ ਵਲੋਂ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਜਾਵੇਗੀ | ਇਸ ਮੌਕੇ ਕਸ਼ਮੀਰ ਸਿੰਘ, ਸੁਰਜੀਤ ਸਿੰਘ ਗੁਰਾਇਆ, ਗੁਰਮੇਜ ਸਿੰਘ, ਸੰਤੋਖ ਸਿੰਘ, ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ ਸ਼ਾਮਲ ਹੋਏ |