ਕਾਦੀਆਂ, 9 ਜੂਨ (ਕੁਲਵਿੰਦਰ ਸਿੰਘ)-13 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਕਾਦੀਆਂ ਦੀਆਂ ਚੋਣਾਂ ਵਾਸਤੇ ਬੀਤੀ ਸ਼ਾਮ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਚੌਕ ਤੋਂ ਬੈਂਡ ਵਾਜੇ ਵਜਾ ਕੇ ਰੋਡ ਸ਼ੋਅ ਕੱਢਿਆ ਗਿਆ, ਜੋ ਕਿ ਥਾਣਾ ਚੌਕ, ਹਰਚੋਵਾਲ ਰੋਡ, ਮੇਨ ਬਾਜ਼ਾਰ, ਗੋਬਿੰਦ ਮਾਰਕਿਟ ਆਦਿ ਵੱਖ-ਵੱਖ ਬਾਜ਼ਾਰਾਂ ਅੰਦਰ ਪਹੁੰਚਿਆ ਅਤੇ ਇਥੋਂ ਦੇ ਦੁਕਾਨਦਾਰਾਂ ਨਾਲ ਸਿੱਧਾ ਸੰਪਰਕ ਕਰ ਕੇ ਵੋੋੋਟਰਾਂ ਨੂੰ ਵੋਟਾਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਭੁਗਤਾਨ ਲਈ ਅਪੀਲ ਕੀਤੀ | ਇਸ ਮੌਕੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵਲੋਂ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਕਾਦੀਆਂ ਸ਼ਹਿਰ ਦੇ ਲੋਕ ਬਦਲਾਅ ਚਾਹੁੰਦੇ ਹਨ, ਕਿਉਂਕਿ ਇਸ ਸ਼ਹਿਰ ਵਿਚ ਹੰਕਾਰ ਦੀ ਰਾਜਨੀਤੀ ਤੋਂ ਉਹ ਤੰਗ ਹਨ ਅਤੇ ਉਨ੍ਹਾਂ ਵਲੋਂ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਬਣਾਉਣ ਤਾਂ ਜੋ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ | ਉਨ੍ਹਾਂ ਕਿਹਾ ਕਿ ਇਸ ਨਗਰ ਕੌਸਲ ਚੋਣ ਵਿਚ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦੇਵੇਗੀ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ |