ਗੁਰਦਾਸਪੁਰ, 9 ਜੂਨ (ਪੰਕਜ ਸ਼ਰਮਾ)-ਨਗਰ ਕੌਂਸਲ ਨੇ ਪਿਛਲੇ ਪੰਜ ਸਾਲਾ ਵਿਚ ਮਾਨ ਕੌਰ ਸਿੰਘ ਵਿਖੇ ਰਿਕਾਰਡਤੋੜ ਵਿਕਾਸ ਕਾਰਜ ਕੀਤੇ ਹਨ ਤੇ ਲੋੜਵੰਦ ਲੋਕਾਂ ਨੂੰ ਗਰਾਂਟਾਂ ਦਿੱਤੀਆਂ ਹਨ | ਭਵਿੱਖ ਵਿਚ ਜੇਕਰ ਕਾਂਗਰਸ ਕਮੇਟੀ ਦੁਬਾਰਾ ਬਣਾਈ ਜਾਂਦੀ ਹੈ ਤਾਂ ਮਾਨ ਕੌਰ ਸਿੰਘ ਵਿਖੇ ਹੋਰ ਵੀ ਵਿਕਾਸ ਕਾਰਜ ਵੱਡੇ ਪੱਧਰ 'ਤੇ ਕੀਤੇ ਜਾਣਗੇ | ਇਹ ਦਾਅਵਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਾਰਡ ਨੰਬਰ 3 ਤੋਂ ਕਾਂਗਰਸੀ ਉਮੀਦਵਾਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਲਈ ਚੋਣ ਪ੍ਰਚਾਰ ਕਰਦੇ ਹੋਏ ਕੀਤਾ | ਪਾਹੜਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਚੋਣ ਪ੍ਰਚਾਰ ਲਈ ਪੂਰਾ ਸਰਕਾਰੀ ਤੰਤਰ ਲਗਾ ਦਿੱਤਾ ਹੈ | ਸਰਕਾਰ ਦੇ ਮੰਤਰੀ ਤੇ ਵਿਧਾਇਕ ਦੂਜੇ ਹਲਕਿਆਂ ਤੋਂ ਇੱਥੇ ਚੋਣ ਪ੍ਰਚਾਰ ਕਰਨ ਆ ਰਹੇ ਹਨ | ਇਸ ਦੇ ਬਾਵਜੂਦ ਉਨ੍ਹਾਂ ਨੂੰ ਜਨਤਕ ਸਮਰਥਨ ਨਹੀਂ ਮਿਲ ਰਿਹਾ ਹੈ | ਜਦੋਂ ਕਿ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਰੈਲੀਆਂ ਦਾ ਰੂਪ ਧਾਰਨ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਹੁਣ ਸਿਰਫ਼ ਚਾਰ ਮਹੀਨੇ ਬਾਕੀ ਹਨ | ਉਸ ਤੋਂ ਬਾਅਦ ਕਾਂਗਰਸ ਪਾਰਟੀ ਸੱਤਾ ਵਿਚ ਆਵੇਗੀ ਅਤੇ ਨਗਰ ਕੌਂਸਲ 'ਚ ਕਾਂਗਰਸ ਕਮੇਟੀ ਬਣਾਈ ਜਾਵੇਗੀ | ਇਸ ਤੋਂ ਬਾਅਦ ਵਿਕਾਸ ਦੇ ਸਾਰੇ ਰਿਕਾਰਡ ਟੁੱਟ ਜਾਣਗੇ | ਉਮੀਦਵਾਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਉਹ ਨਗਰ ਕੌਂਸਲ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਹੋਏ ਮਾਨ ਕੌਰ ਸਿੰਘ ਵਿਖੇ ਪਹਿਲਾਂ ਹੀ ਕਈ ਵਿਕਾਸ ਪ੍ਰੋਜੈਕਟ ਕਰਵਾ ਚੁੱਕੇ ਹਨ ਤੇ ਹੁਣ ਜਦੋਂ ਉਹ ਇਸ ਵਾਰਡ ਤੋਂ ਚੋਣ ਲੜ ਰਹੇ ਹਨ ਤਾਂ ਜਿੱਤਣ ਤੋਂ ਬਾਅਦ ਉਹ ਇਸ ਵਾਰਡ ਦੇ ਵਿਕਾਸ 'ਤੇ ਵਿਸ਼ੇਸ਼ ਧਿਆਨ ਦੇਣਗੇ |