ਨਿੱਕੇ ਘੁੰਮਣ, 9 ਜੂਨ (ਸਤਬੀਰ ਸਿੰਘ ਘੁੰਮਣ)-ਪਿੰਡ ਕਲੇਰ ਕਲਾਂ ਵਿਖੇ ਬੀਤੀ ਰਾਤ ਟਰੈਕਟਰ ਪਲਟ ਜਾਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ | ਮਿ੍ਤਕ ਹਰਜੀਤ ਸਿੰਘ ਪਿੰਡ ਕਲੇਰ ਕਲਾਂ ਦਾ ਹੀ ਵਸਨੀਕ ਸੀ ਅਤੇ ਕੁਝ ਮਹੀਨੇ ਪਹਿਲਾਂ ਰਣਜੀਤ ਸਾਗਰ ਡੈਮ ਤੋਂ ਬਤੌਰ ਫੋਰਮੈਨ ਸੇਵਾਮੁਕਤ ਹੋ ਕੇ ਘਰ ਵਾਪਸ ਆਇਆ ਸੀ | ਮਿ੍ਤਕ ਦੇ ਨਜ਼ਦੀਕੀ ਰਿਸ਼ਤੇ ਨੰਬਰਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਬੀਤੀ ਰਾਤ ਆਪਣੇ ਖੇਤਾਂ ਵਿਚੋਂ ਕੰਮ ਮੁਕਾ ਕੇ ਟਰੈਕਟਰ ਰਾਹੀਂ ਘਰ ਵਾਪਸ ਆ ਰਿਹਾ ਸੀ | ਜਦੋਂ ਉਹ ਅੱਪਰਬਾਰੀ ਦੁਆਬ ਨਹਿਰ ਪੁਲ ਕਲੇਰ ਕਲਾਂ ਦੀ ਪਟੜੀ 'ਤੇ ਪਹੁੰਚਿਆ ਤਾਂ ਅਚਾਨਕ ਟਰੈਕਟਰ ਬੇਕਾਬੂ ਹੋ ਕੇ ਹੇਠਾਂ ਟੋਏ ਵਿਚ ਪਲਟ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਹਰਜੀਤ ਸਿੰਘ ਦੇ 2 ਬੇਟੇ ਹਨ, ਜਿਨ੍ਹਾਂ ਵਿਚੋਂ ਇਕ ਬੇਟਾ ਵਿਦੇਸ਼ ਵਿਚ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਉਸ ਦੇ ਵਿਦੇਸ਼ ਤੋਂ ਘਰ ਵਾਪਸ ਪਰਤਣ ਉਪਰੰਤ ਮਿ੍ਤਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ | ਇਸ ਦੱੁਖਦਾਈ ਘਟਨਾ ਨਾਲ ਪਿੰਡ ਵਿਚ ਗਹਿਰਾ ਸੋਗ ਛਾ ਗਿਆ ਹੈ |