ਪਠਾਨਕੋਟ, 9 ਜੂਨ (ਸੁਮਿਤ)-ਪਠਾਨਕੋਟ ਦੇ ਡਲਹੌਜ਼ੀ ਰੋਡ 'ਤੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਸੜਕ ਦੇ ਉੱਪਰੋਂ ਲੰਘ ਰਹੀ ਹਾਈ ਟੈਨਸ਼ਨ ਬਿਜਲੀ ਦੀ ਤਾਰ ਅਚਾਨਕ ਟੁੱਟ ਕੇ ਹੇਠਾਂ ਡਿਗ ਪਈ | ਘਟਨਾ ਸਮੇਂ ਸੜਕ 'ਤੇ ਕਾਫ਼ੀ ਆਵਾਜਾਈ ਸੀ, ਪਰ ਖ਼ੁਸ਼ਕਿਸਮਤੀ ਨਾਲ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਅਤੇ ਕਈ ਲੋਕ ਵਾਲ-ਵਾਲ ਬਚ ਗਏ | ਪ੍ਰਤੱਖਦਰਸ਼ੀਆਂ ਅਨੁਸਾਰ ਤਾਰ ਟੁੱਟਣ ਤੋਂ ਪਹਿਲਾਂ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕ ਸੁਚੇਤ ਹੋ ਗਏ | ਕੁਝ ਹੀ ਪਲਾਂ ਬਾਅਦ ਤਾਰਾਂ ਸੜਕ 'ਤੇ ਆ ਡਿੱਗੀਆਂ ਅਤੇ ਆਪਸ ਵਿਚ ਟਕਰਾਉਣ ਕਾਰਨ ਚਿੰਗਾੜੀਆਂ ਨਿਕਲਣ ਲੱਗ ਪਈਆਂ | ਧਮਾਕੇ ਅਤੇ ਚਿੰਗਾੜੀਆਂ ਨੂੰ ਦੇਖ ਕੇ ਆਸ-ਪਾਸ ਦੇ ਦੁਕਾਨਦਾਰ ਅਤੇ ਰਾਹਗੀਰ ਘਬਰਾ ਗਏ ਅਤੇ ਸੁਰੱਖਿਅਤ ਥਾਵਾਂ ਵੱਲ ਹਟ ਗਏ | ਤਾਰਾਂ ਦੇ ਜ਼ਮੀਨ 'ਤੇ ਡਿੱਗਣ ਨਾਲ ਨੇੜੇ ਖ਼ਾਲੀ ਪਲਾਟ ਵਿਚ ਮੌਜੂਦ ਝਾੜੀਆਂ ਨੂੰ ਅੱਗ ਲੱਗ ਗਈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਸਥਾਨਕ ਲੋਕਾਂ ਨੇ ਤੁਰੰਤ ਸੜਕ 'ਤੇ ਆਵਾਜਾਈ ਰੋਕ ਦਿੱਤੀ ਅਤੇ ਵਾਹਨਾਂ ਨੂੰ ਹੋਰ ਰਸਤਿਆਂ ਵੱਲ ਮੋੜਨਾ ਸ਼ੁਰੂ ਕਰ ਦਿੱਤਾ | ਸੁਰੱਖਿਆ ਦੇ ਮੱਦੇਨਜ਼ਰ ਸੜਕ ਦੇ ਵਿਚਕਾਰ ਰੁਕਾਵਟਾਂ ਵੀ ਲਗਾਈਆਂ ਗਈਆਂ | ਘਟਨਾ ਦੀ ਸੂਚਨਾ ਮਿਲਦੇ ਹੀ ਪਾਵਰਕਾਮ ਅਧਿਕਾਰੀਆਂ ਨੇ ਬਿਜਲੀ ਸਪਲਾਈ ਬੰਦ ਕਰਵਾ ਦਿੱਤੀ ਅਤੇ ਮੁਰੰਮਤ ਟੀਮ ਨੂੰ ਮੌਕੇ 'ਤੇ ਭੇਜਿਆ | ਉੱਥੇ ਹੀ ਫਾਇਰ ਬਿ੍ਗੇਡ ਦੀ ਟੀਮ ਨੇ ਪਹੁੰਚ ਕੇ ਅੱਗ 'ਤੇ ਜਲਦੀ ਕਾਬੂ ਪਾ ਲਿਆ | ਲੋਕਾਂ ਨੇ ਰਾਹਤ ਜਤਾਈ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਇਕ ਵੱਡਾ ਹਾਦਸਾ ਟਲ ਗਿਆ |