ਘਰੋਟਾ, 10 ਜੂਨ (ਸੰਜੀਵ ਗੁਪਤਾ)ਨਲਵਾ ਦਰਿਆ ਵਿਚ ਪਿਛਲੇ ਕਰੀਬ ਇਕ ਮਹੀਨੇ ਤੋਂ ਲਗਾਤਾਰ ਵੱਧ ਮਾਤਰਾ 'ਚ ਪਾਣੀ ਛੱਡੇ ਜਾਣ ਕਾਰਨ ਪਪਿਆਲ, ਬਗਿਆਲ ਤੇ ਆਸ-ਪਾਸ ਦੇ ਕਈ ਪਿੰਡਾਂ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ | ਖੇਤਾਂ ਵਿਚ ਪਾਣੀ ਭਰਨ ਨਾਲ ਕਿਸਾਨਾਂ ਦੀਆਂ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ, ਜਦਕਿ ਦਰਿਆ ਦੇ ਕਿਨਾਰਿਆਂ 'ਤੇ ਕਈ ਥਾਵਾਂ 'ਤੇ ਤੇਜ਼ ਕਟਾਅ ਹੋਣ ਕਾਰਨ ਕੀਮਤੀ ਖੇਤੀਬਾੜੀ ਜ਼ਮੀਨ ਤੇ ਪਿੰਡਾਂ ਦੀ ਆਬਾਦੀ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ | ਸਿੰਜਾਈ ਵਿਭਾਗ ਦੇ ਅਣਗਹਿਲੀ ਭਰੇ ਰਵੱਈਏ ਤੋਂ ਨਾਰਾਜ਼ ਲੋਕਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਕੋਲ ਸਮੱਸਿਆ ਦੇ ਹੱਲ ਲਈ ਗੁਹਾਰ ਲਗਾਈ | ਪਿੰਡ ਵਾਸੀਆਂ ਅਨੁਸਾਰ ਧੀਰਾ ਹੈਡ ਰੈਗੂਲੇਟਰ ਤੋਂ ਲੋੜ ਤੋਂ ਵੱਧ ਪਾਣੀ ਛੱਡੇ ਜਾਣ ਕਾਰਨ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਉੱਚਾ ਬਣਿਆ ਹੋਇਆ ਹੈ | ਇਸ ਕਾਰਨ ਪਪਿਆਲ ਤੇ ਬਗਿਆਲ ਪਿੰਡਾਂ ਨੇੜੇ ਵੱਡੀ ਮਾਤਰਾ ਵਿਚ ਖੇਤੀਬਾੜੀ ਜ਼ਮੀਨ ਪਾਣੀ ਦੀ ਲਪੇਟ ਵਿਚ ਆ ਗਈ ਹੈ | ਕਈ ਕਿਸਾਨਾਂ ਦੀ ਗੰਨੇ ਸਮੇਤ ਹੋਰ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਦਰਿਆ ਦੇ ਕਿਨਾਰਿਆਂ 'ਤੇ ਵੱਧ ਰਹੇ ਕਟਾਅ ਕਾਰਨ ਉਪਜਾਊ ਜ਼ਮੀਨ ਵੀ ਦਰਿਆ ਵਿਚ ਸਮਾਉਂਦੀ ਜਾ ਰਹੀ ਹੈ | ਵਿਭਾਗ ਕੋਲ ਵਾਰ-ਵਾਰ ਮੰਗ ਰੱਖਣ ਦੇ ਬਾਵਜੂਦ ਜਦੋਂ ਸਮੱਸਿਆ ਦਾ ਕੋਈ ਹੱਲ ਨਾ ਨਿਕਲਿਆ ਤਾਂ ਪ੍ਰਭਾਵਿਤ ਲੋਕਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਕੋਲ ਦਖ਼ਲ ਦੀ ਮੰਗ ਕੀਤੀ | ਸ਼ਿਕਾਇਤ ਮਿਲਣ ਉਪਰੰਤ ਮੰਤਰੀ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠਾਕੁਰ ਭੁਪਿੰਦਰ ਸਿੰਘ ਮੁੰਨਾ ਨਾਲ ਪਪਿਆਲ ਪਿੰਡ ਦਾ ਦੌਰਾ ਕਰਕੇ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਖੇਤਾਂ ਵਿਚ ਭਰੇ ਪਾਣੀ ਅਤੇ ਕਟਾਅ ਨਾਲ ਹੋਏ ਨੁਕਸਾਨ ਦਾ ਮੁਆਇੰਨਾ ਕੀਤਾ | ਮੌਕੇ 'ਤੇ ਹਾਲਾਤ ਨੂੰ ਗੰਭੀਰ ਦੇਖਦਿਆਂ ਮੰਤਰੀ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਫਟਕਾਰ ਲਗਾਉਂਦਿਆਂ ਸਮੱਸਿਆ ਦੇ ਤੁਰੰਤ ਹੱਲ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਪਿੰਡ ਵਾਸੀਆਂ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦੀਆਂ ਫ਼ਸਲਾਂ ਦੀ ਰੱਖਿਆ ਕਰਨਾ ਪ੍ਰਸ਼ਾਸਨ ਦੀ ਮੁੱਖ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਇਸ ਮਾਮਲੇ ਨੂੰ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਵੀ ਲਿਆਉਂਦਿਆਂ ਜਲਦ ਕਾਰਵਾਈ ਦਾ ਭਰੋਸਾ ਦਿੱਤਾ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ, ਗੌਰਵ ਕੁਮਾਰ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਆਮ ਤੌਰ 'ਤੇ ਇਸ ਦਰਿਆ ਵਿਚ ਸਿਰਫ਼ ਹੜ੍ਹ ਜਾਂ ਭਾਰੀ ਮੀਂਹ ਦੇ ਸਮੇਂ ਹੀ ਵੱਧ ਪਾਣੀ ਛੱਡਿਆ ਜਾਂਦਾ ਹੈ, ਪਰ ਇਸ ਵਾਰ ਬਿਨਾਂ ਕਿਸੇ ਖ਼ਾਸ ਬਰਸਾਤ ਦੇ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਫ਼ਸਲਾਂ ਤਬਾਹ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਢੁੱਕਵੇਂ ਪ੍ਰਬੰਧ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ 'ਚ ਪਿੰਡਾਂ ਦੀ ਆਬਾਦੀ ਤੇ ਖੇਤੀਬਾੜੀ ਜ਼ਮੀਨ ਨੂੰ ਹੋਰ ਵੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਹਰ ਸਾਲ ਉਨ੍ਹਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਉਮੀਦ ਜਤਾਈ ਕਿ ਪ੍ਰਸ਼ਾਸਨ ਤੇ ਸਿੰਜਾਈ ਵਿਭਾਗ ਜਲਦ ਪ੍ਰਭਾਵੀ ਕਦਮ ਚੁੱਕ ਕੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਗੇ |