ਘਰੋਟਾ 10 ਜੂਨ (ਸੰਜੀਵ ਗੁਪਤਾ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਨਰੇਗਾ ਤਹਿਤ ਆਰਜ਼ੀ ਅਸਾਮੀਆਂ 'ਤੇ ਠੇਕਾ ਆਧਾਰਿਤ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ਾਂ ਦੀ ਲੜੀ ਤਹਿਤ ਬਲਾਕ ਪੱਧਰੀ ਧਰਨਾ 9ਵੇਂ ਦਿਨ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਸਾਹਮਣੇ ਦਿੱਤਾ ਗਿਆ | ਇਸ ਸਮੇਂ ਵਿਭਾਗ ਵਲੋਂ ਨਰੇਗਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਨਰੇਗਾ ਦੇ ਕੰਮ ਚਲਾਉਣ ਦਾ ਅਧਿਕਾਰ ਪੰਜਾਬ ਸਟੇਟ ਰੂਰਲ ਲਿਵਲੀਹੁੱਡ ਮਿਸ਼ਨ ਦੇ ਵਰਕਰਾਂ ਰਾਹੀਂ ਕਰਵਾਉਣ ਦੇ ਕੱਢੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ | ਪ੍ਰੈਸ ਨਾਲ ਗੱਲਬਾਤ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਿੰਪਲ ਕੁਮਾਰ ਵਲੋਂ ਦੱਸਿਆ ਗਿਆ ਕਿ ਅਜਿਹੇ ਪੱਤਰ ਕੱਢਣ ਦਾ ਮਤਲਬ ਹੈ ਕਿ ਵਿਭਾਗ 'ਤੇ ਧਰਨੇ ਦਾ ਵੱਡਾ ਪ੍ਰਭਾਵ ਹੈ | ਅਸੀਂ ਅਜਿਹੇ ਪੱਤਰਾਂ ਤੋਂ ਡਰਨ ਵਾਲੇ ਨਹੀਂ ਹਾਂ | ਉਨ੍ਹਾਂ ਦੱਸਿਆ ਕਿ ਪਿਛਲੇ ਲਗਭਗ 17-18 ਸਾਲ ਤੋਂ ਉਹ ਕੱਚੀ ਨੌਕਰੀ ਕਰ ਰਹੇ ਹਨ | ਹਰ ਸਮੇਂ ਨੌਕਰੀ ਤੋਂ ਕੱਢ ਦੇਣ, ਤਨਖ਼ਾਹ ਰੋਕ ਲੈਣ, ਦੂਰ-ਦੁਰਾਡੇ ਬਦਲੀ ਕਰਨ ਦਾ ਡਰ ਉਨ੍ਹਾਂ ਦੇ ਮਨਾਂ ਅੰਦਰ ਬਣਿਆ ਰਹਿੰਦਾ ਹੈ | ਬਲਾਕ ਪ੍ਰਧਾਨ ਮੁਕੇਸ਼ ਕੁਮਾਰ ਨੇ ਦੱਸਿਆ ਕਿ 2011 ਤੋਂ ਲੈ ਕੇ 2026 ਤੱਕ ਹਰ ਪਾਰਟੀ ਦੀ ਸੂਬਾ ਸਰਕਾਰ ਉਨ੍ਹਾਂ ਨੇ ਦੇਖੀ ਹੈ | ਹਰ ਸਰਕਾਰ ਵਲੋਂ ਐਨ ਆਖ਼ਰੀ ਮੌਕੇ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕੋਈ ਕਾਨੂੰਨ ਬਣਾਇਆ ਜਾਂਦਾ ਹੈ | ਪਰ ਨਰੇਗਾ ਮੁਲਾਜ਼ਮਾਂ ਨੂੰ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਗਰਦਾਨ ਕੇ ਪੱਕੇ ਨਹੀਂ ਕੀਤਾ ਜਾਂਦਾ | ਹੁਣ ਵੀ ਸੂਬੇ ਦੀ ਮਾਨ ਸਰਕਾਰ ਵਲੋਂ 65048 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜੋ ਕਾਨੂੰਨ ਬਣਾਇਆ ਗਿਆ ਹੈ, ਉਸ ਵਿਚ ਵੀ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਨਹੀਂ ਲਿਆ ਜਾ ਰਿਹਾ | ਪਿਛਲੇ ਹਫ਼ਤੇ 1 ਜੂਨ ਨੂੰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਹੋਈ ਪੈਨਲ ਮੀਟਿੰਗ ਵਿਚ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਅਗਲੇ ਦੋ ਦਿਨਾਂ ਵਿਚ ਪ੍ਰੋਸੋਨਲ ਵਿਭਾਗ ਤੋਂ ਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ 'ਚ ਮਰਜ਼ ਕਰਕੇ ਪੱਕੇ ਕਰਨ ਦਾ ਕੋਈ ਹੱਲ ਲੱਭ ਕੇ ਲਿਆਉਣਗੇ ਪਰ ਅੱਜ 9 ਜੂਨ ਹੋ ਚੁੱਕੀ ਹੈ, ਫਿਰ ਵੀ ਨਾ ਤਾਂ ਕੋਈ ਅਫ਼ਸਰ ਇਸ ਮਸਲੇ ਨੂੰ ਸੁਲਝਾਉਣ ਲਈ ਕੁਝ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਜ ਤੱਕ ਤਾਂ ਕੋਈ ਹੱਲ ਨਿਕਲਦਾ ਪ੍ਰਤੀਤ ਨਹੀਂ ਹੋ ਰਿਹਾ, ਜਿਸ 'ਤੇ ਸੂਬਾ ਭਰ ਦੇ ਨਰੇਗਾ ਮੁਲਾਜ਼ਮਾਂ 'ਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ |