ਬਟਾਲਾ, 17 ਜੂਨ (ਸਤਿੰਦਰ ਸਿੰਘ)-ਨਜ਼ਦੀਕੀ ਪਿੰਡ ਡੁਲਟ ਵਿਖੇ ਪਾਣੀ ਵਾਲੇ ਖਾਲ ਨੂੰ ਲੈ ਕੇ 2 ਧਿਰਾਂ ’ਚ ਆਪਸੀ ਵਿਵਾਦ ਹੋ ਗਿਆ। ਇਸ ਦੌਰਾਨ ਗੋਲੀਆਂ ਵੀ ਚੱਲੀਆਂ। ਹੋਏ ਝਗੜੇ ਦੌਰਾਨ ਦੋਵਾਂ ਧਿਰਾਂ ਦੇ 5 ਵਿਅਕਤੀ ਜ਼ਖਮੀ ਹੋਏ ਹਨ, ਜੋ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਸਿਵਲ ਹਸਪਤਾਲ ਬਟਾਲਾ ’ਚ ਜ਼ੇਰੇ ਇਲਾਜ ਇਕ ਧਿਰ ਦੇ ਗੁਰਮੇਜ਼ ਸਿੰਘ ਪੁੱਤਰ ਬਚਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਗੁਰਵੇਲ ਸਿੰਘ, ਮਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਗੁਰਵੇਲ ਸਿੰਘ ਪੁੱਤਰ ਬਚਨ ਸਿੰਘ ਸਾਰੇ ਵਾਸੀ ਡੁਲਟ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ 50 ਸਾਲ ਪੁਰਾਣੇ ਜ਼ਮੀਨੀ ਪਾਣੀ ਵਾਲੇ ਖਾਲ ਨੂੰ ਲੈ ਕੇ ਇਕ ਧਿਰ ਨੇ ਵਿਵਾਦ ਕੀਤਾ, ਜੋ ਕਿ 50-60 ਜਣੇ ਸਨ। ਉਨ੍ਹਾਂ ਨੇ ਸਾਡੇ ’ਤੇ ਗੋਲੀਆਂ ਵੀ ਚਲਾਈਆਂ, ਜਿਨ੍ਹਾਂ ਵਿਚੋਂ ਗੁਰਮੇਜ਼ ਸਿੰਘ ਦੇ ਮੋਢੇ ’ਤੇ ਇਕ ਗੋਲੀ ਲੱਗੀ, ਇਸ ਤੋਂ ਇਲਾਵਾ ਸਾਡੀ ਗੱਡੀ ’ਤੇ ਵੀ ਕਾਫੀ ਗੋਲੀਆਂ ਵੱਜੀਆਂ। ਜ਼ਖ਼ਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਹੈ। ਦੂਸਰੀ ਧਿਰ ਦੇ ਜ਼ਖ਼ਮੀ ਹੋਏ ਗੁਰਮੰਗਤ ਸਿੰਘ ਨੇ ਫਤਹਿਗੜ੍ਹ ਚੂੜੀਆਂ ਹਸਪਤਾਲ ’ਚ ਇਲਾਜ ਦੌਰਾਨ ਦੱਸਿਆ ਕਿ ਉਕਤ ਵਿਅਕਤੀ ਹਮੇਸ਼ਾ ਸਾਡੇ ਨਾਲ ਧੱਕਾ ਕਰਦੇ ਹਨ ਤੇ ਉਨ੍ਹਾਂ ਵਲੋਂ 4-5 ਟਰੈਕਟਰ ਤੇ ਬੰਦੇ ਲਿਆ ਕੇ ਸਾਡੀ ਜ਼ਮੀਨ ਵਲੋਂ ਧੱਕੇ ਨਾਲ ਖਾਲ ਪਾਇਆ ਗਿਆ ਸੀ, ਸਾਨੂੰ ਇਸ ਸਬੰਧੀ ਕੁਝ ਨਹੀਂ ਪੁੱਛਿਆ ਗਿਆ, ਜਦੋਂ ਅੱਜ ਅਸੀਂ ਇਨ੍ਹਾਂ ਦਾ ਧੱਕੇ ਨਾਲ ਪਾਇਆ ਗਿਆ ਖਾਲ ਵਾਹ ਦਿੱਤਾ ਤਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਮੇਰੇ ’ਤੇ ਦਾਤਰ ਨਾਲ ਹਮਲਾ ਕਰ ਕੇ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ, ਇਸ ਮੌਕੇ ਉਨ੍ਹਾਂ ਨਾਲ 6-7 ਹੋਰ ਵਿਅਕਤੀ ਤੇ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਧਮਕੀਆਂ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਕੇ ਇਨਸਾਫ ਦਿੱਤਾ ਜਾਵੇ। ਇਨ੍ਹਾਂ ਜ਼ਖ਼ਮੀਆਂ ਨੂੰ ਵੀ ਡਾਕਟਰਾਂ ਨੇ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਕ ਧਿਰ ਦੇ 4 ਅਤੇ ਦੂਸਰੀ ਧਿਰ ਦਾ ਇਕ, ਕੁੱਲ 5 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ ਸ੍ਰੀ ਲਲਿਤ ਕੁਮਾਰ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ, ਬਣਦੀ ਕਾਰਵਾਈ ਕੀਤੀ ਜਾਵੇਗੀ।