ਤਾਰਾਗੜ੍ਹ, 17 ਜੂਨ (ਸੋਹਨ ਲਾਲ)-ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਅੱਜ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਾਰਾਗੜ੍ਹ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 8 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਤਾਰਾਗੜ੍ਹ ਥਾਣੇ ਦੇ ਮੁਖੀ ਬਲਵਿੰਦਰ ਸਿੰਘ ਦਾਲਮ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਨਰਾਇਣਪੁਰ, ਬਕਨੌਰ ਅਤੇ ਹੈਬਤ ਪਿੰਡੀ ਆਦਿ ਪਿੰਡਾਂ ’ਚ ਗਸ਼ਤ ਕਰ ਰਹੀ ਸੀ ਕਿ ਜਦ ਪੁਲਿਸ ਪਾਰਟੀ ਬਕਨੌਰ-ਹੈਬਤ ਪਿੰਡੀ ਸੜਕ ਦੇ ਨਜ਼ਦੀਕ ਪਹੁੰਚੀ ਤਾਂ ਦੇਖਿਆ ਕਿ ਦੋ ਵਿਅਕਤੀ ਮੋਟਰਸਾਈਕਲ ਖੜਾ ਕਰਕੇ ਸੜਕ ਕਿਨਾਰੇ ਖੜੇ ਸਨ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਭੱਜਣ ਲੱਗੇ ਤੇ ਆਪਣੀ ਜੇਬ ’ਚੋਂ ਇਕ ਮੋਮੀ ਲਿਫਾਫਾ ਜੋ ਕੁਝ ਵਜ਼ਨਦਾਰ ਸੀ, ਕੱਢ ਕੇ ਸੜਕ ਕਿਨਾਰੇ ਝਾੜੀਆਂ ਵਿਚ ਸੁੱਟ ਦਿੱਤਾ। ਪੁਲਿਸ ਪਾਰਟੀ ਨੇ ਸੁੱਟੇ ਲਿਫਾਫੇ ਨੂੰ ਜਦ ਖੋਲ ਕੇ ਦੇਖਿਆ ਤਾਂ ਉਸ ਵਿਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣੇ ਨਾਮ ਅਭਿਸ਼ੇਕ ਕੁਮਾਰ ਉਰਫ ਦੀਸੂ ਪੁੱਤਰ ਬੂਟੀ ਰਾਮ ਵਾਸੀ ਕਥਲੌਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਆਕਾਸ਼ ਪੁੱਤਰ ਧਰਮ ਪਾਲ ਵਾਸੀ ਕਥਲੌਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਦੱਸਿਆ। ਉਨ੍ਹਾਂ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਹੈਰੋਇਨ ਅਸੀਂ ਆਪਣੇ ਦੋਸਤ ਸ਼ਮੀ ਕੁਮਾਰ ਪੁੱਤਰ ਸਾਗਰ ਵਾਸੀ ਕਥਲੌਰ ਥਾਣਾ ਤਾਰਾਗੜ੍ਹ ਤੋਂ ਲੈ ਕੇ ਆਏ ਹਾਂ। ਪੁਲਿਸ ਵਲੋਂ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੂੰ ਉਨ੍ਹਾਂ ਵਲੋਂ ਦੱਸੇ ਗਏ ਤੀਸਰੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।