ਡੀਜ਼ਲ, ਪੈਟਰੋਲ, ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਮੋਟਰਸਾਈਕਲ ਰੋਸ ਮਾਰਚ ਕੱਢਿਆ
ਅਜੀਤ ਡੈਸਕ
24-06-2026
ਫ਼ਤਹਿਗੜ੍ਹ ਚੂੜੀਆਂ, 23 ਜੂਨ (ਅਵਤਾਰ ਸਿੰਘ ਰੰਧਾਵਾ)-ਬੀਤੇ ਕੁਝ ਸਮੇਂ ਤੋਂ ਲੈ ਕੇ ਹੁਣ ਤੱਕ ਨਿਰੰਤਰ ਪੈਟਰੋਲ, ਡੀਜ਼ਲ, ਰਸੋਈ ਗੈਸ ਆਤੇ ਵਧ ਰਹੀ ਮਹਿੰਗਾਈ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿਚ ਫ਼ਤਹਿਗੜ੍ਹ ਚੂੜੀਆਂ ਦੇ ਬਿਜਲੀ ਘਰ ਤੋਂ ਸ਼ੁਰੂ ਹੋ ਕੇ ਘਣੀਏ-ਕੇ-ਬਾਂਗਰ ਤੱਕ ਵਿਸ਼ਾਲ ਮੋਟਰਸਾਈਕਲ ਰੋਸ ਮਾਰਚ ਕੱਢਿਆ ਗਿਆ। ਵੱਡੀ ਗਿਣਤੀ ’ਚ ਇਕੱਤਰ ਹੋਏ ਕਿਸਾਨਾਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਨੇ ਜਿੱਥੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ ਉੱਥੇ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਵਧ ਰਹੀਆਂ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਨੇ ਲੋਕਾਂ ਦੀ ਰੋਜ਼ੀ-ਰੋਟੀ ਉੱਪਰ ਵੱਡਾ ਅਸਰ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਖ੍ਰੀਦਣਾ ਪਹਿਲਾਂ ਹੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੋਟਰਸਾਈਕਲ ਰੋਸ ਮਾਰਚ ਦਾ ਮੁੱਖ ਮਕਸਦ ਵਧ ਚੁੱਕੀ ਮਹਿੰਗਾਈ ਸਬੰਧੀ ਕੁੰਭਕਰਨੀ ਨੀਂਦ ਸੁੱਤੀ ਪਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜਗਾਉਣਾ ਹੈ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚਿਤੌੜਗੜ੍ਹ, ਜਤਿੰਦਰ ਸਿੰਘ ਖੋਖਰ, ਬਲਜਿੰਦਰ ਸਿੰਘ ਮੰਜਿਆਂਵਾਲੀ, ਪ੍ਰਕਾਸ਼ ਸਿੰਘ ਵੀਲਾ, ਓਂਕਾਰ ਸਿੰਘ ਨੰਦਾ, ਗੁਰਮੀਤ ਸਿੰਘ, ਬੂੜ ਸਿੰਘ ਠੱਠਾ, ਹਰਦੀਪ ਸਿੰਘ, ਨਿਸ਼ਾਨ ਸਿੰਘ, ਦਿਲਬਾਗ ਸਿੰਘ ਘਣੀਆਂ, ਲਖਬੀਰ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਜਰਨੈਲ ਸਿੰਘ, ਗੁਰਨਾਮ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।