ਗੁਰਦਾਸਪੁਰ, 23 ਜੂਨ (ਚੱਕਰਾਜਾ)-ਪੰਜਾਬ ਵਿਚ ਨਹਿਰਾਂ, ਦਰਿਆਈ ਬੰਨ੍ਹਾਂ ਅਤੇ ਡਰੇਨਾਂ ਦੀ ਸੰਭਾਲ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਰਹੇ ਹਨ। ਸਮੇਂ ਸਿਰ ਮੁਰੰਮਤ, ਕਿਨਾਰਿਆਂ ਦੀ ਮਜ਼ਬੂਤੀ ਅਤੇ ਸਾਫ਼ ਸਫਾਈ ਨਾ ਹੋਣ ਕਾਰਨ ਕਈ ਥਾਵਾਂ ’ਤੇ ਨਹਿਰੀ ਢਾਂਚਾ ਕਮਜ਼ੋਰ ਹੋ ਰਿਹਾ ਹੈ, ਜਿਸ ਨਾਲ ਪਾਣੀ ਦੇ ਤੇਜ਼ ਵਹਾਅ ਦੌਰਾਨ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ। ਪਿਛਲੇ ਸਾਲ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਦੌਰਾਨ 23 ਵਿਚੋਂ 15 ਜ਼ਿਲ੍ਹੇ ਪ੍ਰਭਾਵਿਤ ਹੋਏ ਸਨ, ਲਗਪਗ 1900 ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਆਏ ਅਤੇ ਲੱਖਾਂ ਏਕੜ ਖੇਤੀਬਾੜੀ ਪ੍ਰਭਾਵਿਤ ਹੋਈ। ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ ਅਤੇ ਹੋਰ ਸਰਹੱਦੀ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਰਹੇ। ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦਰਿਆ ਦੇ ਵਧੇ ਪਾਣੀ ਕਾਰਨ ਧੁੱਸੀ ਬੰਨ੍ਹਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਘੋਨੇਵਾਲ ਇਲਾਕੇ ਵਿਚ ਧੁੱਸੀ ਬੰਨ੍ਹ ਟੁੱਟਣ ਨਾਲ ਕਈ ਪਿੰਡਾਂ ਵਿਚ ਪਾਣੀ ਦਾਖਲ ਹੋਇਆ। ਰਿਪੋਰਟਾਂ ਮੁਤਾਬਿਕ ਗੁਰਦਾਸਪੁਰ ਖੇਤਰ ’ਚ ਕਈ ਥਾਵਾਂ ’ਤੇ ਬੰਨ੍ਹਾਂ ਵਿਚ ਪਾੜ ਪੈਣ ’ਤੇ ਮੁਰੰਮਤ ਕਰਵਾਈ ਗਈ। ਜਦੋਂ ਕਿ ਦੀਨਾਨਗਰ ਇਲਾਕੇ ਵਿਚ ਧੁੱਸੀ ਬੰਨ੍ਹ ’ਤੇ 14 ਥਾਵਾਂ ’ਤੇ ਨੁਕਸਾਨ/ਪਾੜ ਦੀ ਸਥਿਤੀ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਬੰਨ੍ਹ ਦੀ ਮੁਰੰਮਤ ਅਤੇ ਮਜ਼ਬੂਤੀ ਦੇ ਕੰਮ ਸ਼ੁਰੂ ਕੀਤੇ ਗਏ। ਪਿਛਲੇ ਦਿਨ ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਨੇੜੇ ਅੱਪਰਬਾਰੀ ਦੁਆਬ ਨਹਿਰ ਵਿਚ ਪਾੜ ਪੈਣ ਦੀ ਘਟਨਾ ਨੇ ਨਹਿਰਾਂ ਦੀ ਦੇਖਭਾਲ ’ਤੇ ਸਵਾਲ ਖੜ੍ਹੇ ਕੀਤੇ ਹਨ, ਜਿਸ ਨੂੰ ਲੈ ਕੇ ਲੋਕਾਂ ਅੰਦਰ ਵਿਭਾਗ ਦੀ ਕਾਰਜਗੁਜ਼ਾਰੀ ’ਤੇ ਸਵਾਲ ਖੜੇ ਹੋ ਗਏ ਹਨ। ਨਹਿਰ ਟੁੱਟਣ ਕਾਰਨ ਜਿਥੇ ਪਾਣੀ ਫੈਲਣ ਦਾ ਖਤਰਾ ਬਣਿਆ, ਉਥੇ ਤੁਰੰਤ ਮੁਰੰਮਤ ਦੀ ਕਾਰਵਾਈ ਕਰਨੀ ਪਈ। ਪੰਜਾਬ ਅੰਦਰ 2025 ਦੇ ਹੜ੍ਹਾਂ ਦੌਰਾਨ ਰਾਵੀ ਦਰਿਆ ਦਾ ਪੱਧਰ ਵੀ ਲਗਪਗ 14.11 ਲੱਖ ਕਿਊਸਿਕ ਤੱਕ ਪਹੁੰਚ ਗਿਆ ਸੀ, ਜਿਸ ਨਾਲ ਸਰਹੱਦੀ ਇਲਾਕਿਆਂ ਵਿਚ ਬੰਨ੍ਹਾਂ ਤੇ ਹੋਰ ਢਾਂਚਿਆਂ ’ਤੇ ਭਾਰੀ ਦਬਾਅ ਪਿਆ। ਕਿਸਾਨਾਂ ਅਤੇ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਪੰਜਾਬ ਭਰ ਵਿਚ ਨਹਿਰਾਂ ਦੇ ਕਿਨਾਰਿਆਂ ਦੀ ਪਹਿਲਾਂ ਤੋਂ ਜਾਂਚ, ਕਮਜ਼ੋਰ ਹਿੱਸਿਆਂ ਦੀ ਮੁਰੰਮਤ, ਸਾਫ਼ ਸਫਾਈ ਅਤੇ ਨਿਯਮਤ ਨਿਗਰਾਨੀ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਨਹਿਰਾਂ ਟੁੱਟਣ ਨਾਲ ਫਸਲਾਂ, ਪਿੰਡਾਂ ਅਤੇ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।