ਬਟਾਲਾ, 23 ਜੂਨ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨਗਲ ਦੀ ਅਗਵਾਈ ’ਚ ਹਲਕੇ ਦੀ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ ਅਤੇ ਕਾਂਗਰਸ ਪਾਰਟੀ ਹਾਈਕਮਾਨ ਵਲੋਂ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ’ਚ ਯੂਥ ਕਾਂਗਰਸ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਸੇ ਤਹਿਤ ਹੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਸਰਪ੍ਰਸਤੀ ਹੇਠ ਹਰਮਨਦੀਪ ਸਿੰਘ ਰਿਆੜ ਨੂੰ ਕਾਂਗਰਸ ਜ਼ਿਲ੍ਹਾ ਯੂਥ ਪ੍ਰਧਾਨ, ਅਵਤਾਰ ਸਿੰਘ ਰੰਗੜ ਨੰਗਲ ਜ਼ਿਲ੍ਹਾ ਯੂਥ ਕਾਂਗਰਸ ਸੈਕਟਰੀ, ਜਗਜੀਤ ਸਿੰਘ ਸੰਦਲਪੁਰ ਹਲਕਾ ਯੂਥ ਕਾਂਗਰਸ ਪ੍ਰਧਾਨ, ਰੇਸ਼ਮ ਸਿੰਘ ਜੈਤੋਸਰਜਾ ਹਲਕਾ ਉਪ ਯੂਥ ਪ੍ਰਧਾਨ, ਮਨਜੀਤ ਸਿੰਘ ਨੱਤ ਯੂਥ ਬਲਾਕ ਪ੍ਰਧਾਨ, ਸਹਿਜਪ੍ਰੀਤ ਸਿੰਘ ਬਲਾਕ ਯੂਥ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਨਿਯੁਕਤੀਆਂ ’ਤੇ ਮਨਦੀਪ ਸਿੰਘ ਰੰਗੜ ਨੰਗਲ, ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ ਅਤੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ ਨੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਨੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਹੈ, ਇਸ ਨਾਲ ਕਾਂਗਰਸ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ ਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਨੌਜਵਾਨਾਂ ਨੂੰ ਕਾਂਗਰਸ ਵਿਚ ਅਹੁਦੇਦਾਰੀਆਂ ਮਿਲਣਗੀਆਂ ਅਤੇ ਨੌਜਵਾਨਾਂ ਨੂੰ ਪਾਰਟੀ ਵਿਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਯੂਥ ਕਾਂਗਰਸ ਦੀ ਟੀਮ ਵੱਡਾ ਰੋਲ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਨਿਯੁਕਤ ਅਹੁਦੇਦਾਰ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਅਤੇ ਪਿੰਡ ਪੱਧਰ ’ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਇਕ ਕਰ ਦੇਣ ਤਾਂ ਜੋ ਕਾਂਗਰਸ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੇ ਬਹੁਮਤ ਨਾਲ ਪੰਜਾਬ ਵਿਚ ਸਰਕਾਰ ਬਣਾ ਸਕੇ।