15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਹਲਕਾ ਇੰਚਾਰਜ ਪੰਨੂੰ ਨੇ ਮੀਟਿੰਗਾਂ ਦੌਰਾਨ ਬਾਜਵਾ ਨੂੰ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਕਰਨ ਲਈ ਵੰਗਾਰਿਆ

ਅਜੀਤ ਡੈਸਕ 06-07-2026

ਕਾਲਾ ਅਫਗਾਨਾ ਵਿਖੇ ਵੰਡਿਆ ਰਸੋਈ ਦਾ ਸਾਮਾਨ
ਫਤਹਿਗੜ੍ਹ ਚੂੜੀਆਂ, 5 ਜੁਲਾਈ (ਅਵਤਾਰ ਸਿੰਘ ਰੰਧਾਵਾ)-ਪਿੰਡ ਕਾਲਾ ਅਫਗਾਨਾ ਵਿਖੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੁੱਖ-ਸਹੂਲਤਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਰਾਸ਼ਨ ਕਿੱਟਾਂ ਵੰਡਣ ਲਈ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਸਾਥੀਆਂ ਸਮੇਤ ਪਹੁੰਚੇ। ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਕਿਹਾ ਕਿ ਬੇਸ਼ੱਕ ਉਹ ਆਮ ਆਦਮੀ ਪਾਰਟੀ ਦਾ ਫਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਨਹੀਂ ਬਣ ਸਕਿਆ, ਪਰ ਪਿਛਲੇ ਕਰੀਬ 35 ਸਾਲ ਤੋਂ ਹਲਕਾ ਫਤਹਿਗੜ੍ਹ ਚੂੜੀਆਂ ਨਾਲ ਜੁੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਾਂਗਰਸ ਦੇ ਰਾਜ ਸਮੇਂ ਹਲਕੇ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਤੇ ਸਰਕਾਰੀ ਗਰਾਂਟਾਂ ਦਾ ਹਿਸਾਬ ਜ਼ਰੂਰ ਦੇਣ ਤਾਂ ਕਿ ਹਲਕਾ ਵਾਸੀਆਂ ਨੂੰ ਪਤਾ ਲੱਗ ਸਕੇ ਕਿ ਅਸਲ ਸਥਿਤੀ ਕੀ ਰਹੀ ਹੈ। ਉਨ੍ਹਾਂ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕਰੀਬ 35 ਸਾਲ ਕੈਬਨਿਟ ਮੰਤਰੀ ਤੇ ਬਤੌਰ ਵਿਧਾਇਕ ਸ: ਬਾਜਵਾ ਜਦੋਂ ਵੀ ਮੈਨੂੰ ਸਮਾਂ ਦੇਣ, ਮੈਂ ਕਿਸੇ ਵੀ ਮੁੱਦੇ ’ਤੇ ਮੀਡੀਆ ਦੇ ਸਾਹਮਣੇ ਪਿੰਡਾਂ ’ਚ ਹੋਏ ਵਿਕਾਸ ਸਬੰਧੀ ਬਹਿਸ ਕਰਨ ਤੇ ਪਿਛਲੇ ਕਾਂਗਰਸ ਦੇ ਰਾਜਕਾਲ ਦੌਰਾਨ ਉਨ੍ਹਾਂ ਕੋਲੋਂ ਹਿਸਾਬ ਪੁੱਛਣ ਲਈ ਤੇ ਆਮ ਆਦਮੀ ਪਾਰਟੀ ਦੇ ਰਾਜਭਾਗ ਸਮੇਂ ਹਲਕੇ ਦੇ ਵਿਕਾਸ ਕਾਰਜ ਅਤੇ ਗ੍ਰਾਂਟਾਂ ਦਾ ਹਿਸਾਬ ਦੇਣ ਲਈ ਤਿਆਰ ਹਨ। ਹਲਕਾ ਇੰਚਾਰਜ ਪੰਨੂੰ ਦਾ ਕਹਿਣਾ ਹੈ ਕਿ ਤਕਰੀਬਨ ਜਿਸ ਵੀ ਪਿੰਡ ਦੀ 2000 ਦੇ ਕਰੀਬ ਵੋਟ ਹੈ, ਬਾਜਵਾ ਨੇ ਅਜਿਹੇ ਪਿੰਡਾਂ ਨੂੰ ਹਮੇਸ਼ਾ ਅੱਖੋ-ਪਰੋਖੇ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਬਾਜਵਾ ਚਾਹੁੰਦੇ ਤਾਂ ਹੁਣ ਤੱਕ ਸਟੀਲ ਦੇ ਸੀਵਰੇਜ ਅਤੇ ਆਧੁਨਿਕ ਵਿਕਾਸ ਦੇ ਨਾਲ ਹਲਕੇ ਨੂੰ ਆਲੀਸ਼ਾਨ ਬਣਾ ਸਕਦੇ ਸੀ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਬੇਢੰਗੇ ਵਿਕਾਸ ਨਾਲ ਸ਼ਹਿਰ ਵਾਸੀ ਵੱਡੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਜਦੋਂ ਵੀ ਕਿਤੇ ਬਰਸਾਤ ਆਉਂਦੀ ਹੈ ਤਾਂ ਘਟੀਆ ਸਿਸਟਮ ਨਾਲ ਬਣਾਏ ਗਏ ਸੀਵਰੇਜ ਕਾਰਨ ਪੂਰੇ ਸ਼ਹਿਰ ਦੀ ਹਾਲਤ ਬਦਤਰ ਬਣ ਜਾਂਦੀ ਹੈ, ਜਿਸ ਨੂੰ ਸੁਧਾਰਨ ਵਿਚ ਹਾਲੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਰਾਜਕਾਲ ਦੌਰਾਨ ਪੈਸੇ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਜਿੱਥੇ ਹਲਕੇ ਅੰਦਰ ਪਹਿਲਾਂ ਵਿਕਾਸ ਕਾਰਜ ਚਲਦੇ ਆ ਰਹੇ ਹਨ, ਉਥੇ 2027 ਦੀਆਂ ਚੋਣਾਂ ਤੱਕ ਹਲਕੇ ਦੀ ਨੁਹਾਰ ਬਦਲਣ ਵਿਚ ਕੋਈ ਕਮੀ ਨਹੀਂ ਛੱਡਾਂਗੇ। ਇਸ ਮੌਕੇ ਅਵਤਾਰ ਸਿੰਘ ਰਾਜੂ ਆੜ੍ਹਤੀ, ਸ਼ਮਸ਼ੇਰ ਸਿੰਘ ਸ਼ੇਰਾ ਫੌਜੀ, ਹਰਦੀਪ ਸਿੰਘ ਦਮੋਦਰ, ਮਲਜਿੰਦਰ ਸਿੰਘ, ਬਲਵੀਰ ਸਿੰਘ ਢਡਿਆਲਾ ਨੱਤ, ਸਮੂਹ ਗ੍ਰਾਮ ਪੰਚਾਇਤ ਕਾਲਾ ਅਫਗਾਨਾ ਅਤੇ ਪਿੰਡ ਵਾਸੀ ਹਾਜ਼ਰ ਸਨ।

ਪਿਛਲੀ ਖ਼ਬਰ ਨਵੀਆਂ ਬਣੀਆਂ ਸੜਕਾਂ ਨਾਲ ਬਰਮ ਨਾ ਲੱਗਣ ਕਾਰਨ ਟੁੱਟਣ ਦਾ ਸਥਾਨਕ ਲੋਕਾਂ ਨੇ ਖਦਸ਼ਾ ਪ੍ਰਗਟਾਇਆ ਅਗਲੀ ਖ਼ਬਰ ਕਾਹਨੂੰਵਾਨ ਕਿਸਾਨ ਕਤਲ ਮਾਮਲੇ ’ਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।