ਗੁਰਦਾਸਪੁਰ, 27 ਜੁਲਾਈ (ਗੁਰਪ੍ਰਤਾਪ ਸਿੰਘ)-ਅੱਜ ਸਿਵਲ ਹਸਪਤਾਲ ਦੀ ਸਫਾਈ ਕਰਮਚਾਰੀ ਯੂਨੀਅਨ ਵਲੋਂ ਘੱਟ ਤਨਖਾਹਾਂ ਮਿਲਣ ਅਤੇ ਤਨਖਾਹਾਂ ਮਿਲਣ ਵਿਚ ਹੋ ਰਹੀ ਦੋ-ਤਿੰਨ ਮਹੀਨੇ ਦੀ ਦੇਰੀ ਨੂੰ ਲੈ ਕੇ ਕੰਮ ਬੰਦ ਕਰਕੇ ਹੜਤਾਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਆਊਟਸੋਰਸ ਤੇ ਸਫਾਈ ਕਰਮਚਾਰੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਜਿਸ ਦੇ ਬਦਲੇ ਉਨ੍ਹਾਂ ਨੂੰ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਨਾਲ ਘਰ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਹੁਤ ਹੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਇਕ ਤਾਂ ਉਨ੍ਹਾਂ ਨੂੰ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਦੂਸਰਾ ਇਹ ਤਨਖਾਹਾਂ ਉਨ੍ਹਾਂ ਨੂੰ ਕਈ-ਕਈ ਮਹੀਨੇ ਬਾਅਦ ਦਿੱਤੀਆਂ ਜਾਂਦੀਆਂ ਹਨ। ਜਿਸ ਕਰਕੇ ਇਸ ਮਹਿੰਗਾਈ ਦੇ ਸਮੇਂ ਵਿਚ ਉਨ੍ਹਾਂ ਲਈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਦੱਸ ਚੁੱਕੇ ਹਨ, ਪਰ ਫਿਰ ਵੀ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਵਲੋਂ ਅੱਜ ਹੜਤਾਲ ਦਾ ਰਸਤਾ ਅਪਣਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ, ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਇਸ ਹੜਤਾਲ ਵਿਚ ਸਿਵਲ ਹਸਪਤਾਲ ਦੇ ਸਮੂਹ ਸਫਾਈ ਕਰਮਚਾਰੀ ਹਾਜ਼ਰ ਰਹੇ।