08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਠਾਨਕੋਟ ਦੇ ਵਿਨਾਇਕਾ ਮਹਾਜਨ ਨੇ ਸਵਿਟਜ਼ਰਲੈਂਡ ਦੀ 26 ਕਿੱਲੋਮੀਟਰ ਜ਼ਿਊਰਿਖ ਲੇਕ ਓਪਨ ਵਾਟਰ ਮੈਰਾਥਨ ’ਚ ਜਿੱਤਿਆ ਕਾਂਸੀ ਤਗ਼ਮਾ

ਅਜੀਤ ਡੈਸਕ 30-07-2026
ਪਠਾਨਕੋਟ, 29 ਜੁਲਾਈ (ਸੰਧੂ)-ਮੋਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਦੇ ਹੋਣਹਾਰ ਤੈਰਾਕ ਵਿਨਾਇਕਾ ਮਹਾਜਨ ਨੇ ਸਵਿਟਜ਼ਰਲੈਂਡ ਵਿਚ ਆਯੋਜਿਤ ਵਿਸ਼ਵ ਪ੍ਰਸਿੱਧ ਜ਼ਿਊਰਿਖ ਝੀਲ 26 ਕਿੱਲੋਮੀਟਰ ਓਪਨ ਵਾਟਰ ਸਵਿਮਿੰਗ ਮੈਰਾਥਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਕੇ ਨਾ ਸਿਰਫ਼ ਪਠਾਨਕੋਟ, ਸਗੋਂ ਪੂਰੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ ਹੈ। ਨਿਊਯਾਰਕ ਸਥਿਤ ਸ੍ਰੀ ਚਿਨਮੋਯ ਮੈਰਾਥਨ ਟੀਮ ਵਲੋਂ 1987 ਤੋਂ ਹਰ ਸਾਲ ਕਰਵਾਈ ਜਾ ਰਹੀ ਇਸ ਵੱਕਾਰੀ ਮੈਰਾਥਨ ਵਿਚ ਯੂਨਾਈਟਿਡ ਕਿੰਗਡਮ, ਅਮਰੀਕਾ, ਇਟਲੀ, ਸਵਿਟਜ਼ਰਲੈਂਡ, ਸਲੋਵਾਕੀਆ ਅਤੇ ਆਇਰਲੈਂਡ ਸਮੇਤ 14 ਦੇਸ਼ਾਂ ਦੇ 60 ਤੋਂ ਵੱਧ ਤੈਰਾਕਾਂ ਨੇ ਹਿੱਸਾ ਲਿਆ। ਵਿਨਾਇਕਾ ਇਸ ਮੁਕਾਬਲੇ ਵਿਚ ਭਾਰਤ ਵਲੋਂ ਚੁਣੇ ਗਏ ਇਕਲੌਤੇ ਤੈਰਾਕ ਸਨ ਅਤੇ ਆਪਣੀ ਸ਼੍ਰੇਣੀ ਦੇ ਸਭ ਤੋਂ ਘੱਟ ਉਮਰ ਦੇ ਪ੍ਰਤੀਯੋਗੀ ਵੀ ਰਹੇ। ਰੈਪਰਸਵਿਲ ਤੋਂ ਜ਼ਿਊਰਿਖ ਤੱਕ 26 ਕਿੱਲੋਮੀਟਰ ਦੇ ਮੁਕਾਬਲੇ ਵਿਚ ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਬੇਹੱਦ ਚੁਣੌਤੀਪੂਰਨ ਰਹੀ। ਇਨ੍ਹਾਂ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਵਿਨਾਇਕਾ ਨੇ ਅਦਭੁੱਤ ਹੌਸਲੇ, ਸਬਰ ਅਤੇ ਸਰੀਰਕ ਸਮਰੱਥਾ ਦਾ ਪ੍ਰਦਰਸ਼ਨ ਕਰਦਿਆਂ 7 ਘੰਟੇ 47 ਮਿੰਟ ਵਿਚ ਦੌੜ ਪੂਰੀ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤੀਜਾ ਸਥਾਨ ਹਾਸਲ ਕੀਤਾ । ਇਸ ਮੁਕਾਬਲੇ ਵਿਚ ਸਵੀਡਨ ਦੇ ਹੈਂਪਸ ਕਾਰਲਸਨ ਪਹਿਲੇ ਤੇ ਆਇਰਲੈਂਡ ਦੇ ਸ਼ੌਨ ਪੌਲ ਬਰਸਲਿਨ ਦੂਜੇ ਸਥਾਨ ‘ਤੇ ਰਹੇ । ਵਿਨਾਇਕਾ ਦੀ ਇਸ ਇਤਿਹਾਸਕ ਉਪਲੱਬਧੀ ‘ਤੇ ਮੋਂਟੇਸਰੀ ਕੈਂਬਰਿਜ ਸਕੂਲ ਦੇ ਚੇਅਰਮੈਨ ਵਿਨੋਦ ਮਹਾਜਨ, ਉਪ ਚੇਅਰਮੈਨ ਆਕਾਸ਼ ਮਹਾਜਨ ਅਤੇ ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਨਾਇਕਾ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨਾਲ ਪਠਾਨਕੋਟ ਅਤੇ ਭਾਰਤ ਨੂੰ ਵਿਸ਼ਵ ਪੱਧਰ ‘ਤੇ ਨਵੀਂ ਪਹਿਚਾਣ ਦਿਵਾਈ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਵਿਨਾਇਕਾ ਦੀ ਇਹ ਕਾਮਯਾਬੀ ਦੇਸ਼ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਬਣੇਗੀ ਅਤੇ ਉਹ ਭਵਿੱਖ ਵਿਚ ਵੀ ਅੰਤਰਰਾਸ਼ਟਰੀ ਮੰਚ ‘ਤੇ ਤਿਰੰਗੇ ਦਾ ਮਾਣ ਹੋਰ ਉੱਚਾ ਕਰਨਗੇ।
ਪਿਛਲੀ ਖ਼ਬਰ ਆਨਲਾਈਨ ਸਰਟੀਫਿਕੇਟ ਪ੍ਰਣਾਲੀ ਨਾਲ ਲੋਕ ਖੱਜਲ-ਖੁਆਰ * ਆਫਲਾਈਨ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾਵੇ-ਵਿਕਰਮ ਮਹਾਜਨ ਅਗਲੀ ਖ਼ਬਰ ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।