ਗੁਰਦਾਸਪੁਰ, 30 ਜੁਲਾਈ (ਅਸ਼ੋਕ ਸ਼ਰਮਾ)-ਸਫਾਈ ਕਰਮਚਾਰੀਆਂ ਵਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਵੱਖ ਵੱਖ ਜਥੇਬੰਦੀਆਂ ਵਲੋਂ ਪੂਰਨ ਸਮਰਥਨ ਦਿੱਤਾ ਗਿਆ। ਭਾਵੇਂ ਗੁਰਦਾਸਪੁਰ ਸ਼ਹਿਰ ਵਿਚ ਸਾਰਾ ਬਾਜਾਰ ਤੇ ਦੁਕਾਨਾਂ ਬੰਦ ਰਹੀਆਂ। ਪਰ ਇਸ ਦਾ ਅਸਰ ਪਿੰਡਾਂ ਤੇ ਕਸਬਿਆਂ ਵਿਚ ਦੇਖਣ ਨੂੰ ਨਹੀਂ ਮਿਲਿਆ। ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ ਗੁਰਦਾਸਪੁਰ ਤੋਂ ਵੱਖ- ਵੱਖ ਜ਼ਿਲਿਆਂ ਨੂੰ ਟਾਵੀਆਂ ਟਾਵੀਆਂ ਨਿੱਜੀ ਬੱਸਾਂ ਰਵਾਨਾ ਹੋਈਆਂ। ਜਦੋਂ ਕਿ 30 ਫੀਸਦੀ ਬੱਸਾਂ ਬੱਸ ਸਟੈਂਡ ’ਤੇ ਦੇਖਣ ਨੂੰ ਮਿਲੀਆਂ। ਇਸ ਹੜਤਾਲ ਬਾਰੇ ਜਦੋਂ ਡਰਾਈਵਰਾਂ ਦਾ ਪ੍ਰਤੀਕਰਮ ਜਾਨਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਸਫਾਈ ਸੇਵਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਉਨ੍ਹਆਂ ਦੀ ਹਰ ਮੁਸੀਬਤ ਵਿਚ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਜਿਸ ਨਾਲ ਸ਼ਹਿਰ ਅੰਦਰ ਸਫਾਈ ਵਿਵਸਥਾ ਦਾ ਹੱਲ ਹੋ ਸਕੇ। ਇਸ ਸਬੰਧੀ ਸਵਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਕੁਝ ਸਮਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਆਈ ਸੀ। ਪਰ ਬਾਅਦ ਵਿਚ ਵੱਖ-ਵੱਖ ਜ਼ਿਲਿਆਂ ਨੂੰ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ, ਜਿਨਾਂ ’ਚ ਪਨਬੱਸ ਤੇ ਕੁਝ ਕੁ ਨਿੱਜੀ ਬੱਸਾਂ ਵੀ ਸਨ। ਦੂਜੇ ਪਾਸੇ ਜਿਲ੍ਹਾ ਪ੍ਰਸ਼ਾਸਨ ਦੇ ਸਾਰੇ ਦਫਤਰ ਆਮ ਵਾਂਗ ਖੁੱਲੇ ਰਹੇ। ਪਰ ਆਵਾਜਾਈ ਘੱਟ ਹੋਣ ਕਾਰਨ ਦਫਤਰਾਂ ਵਿਚ ਕੰਮ ਕਰਵਾਉਣ ਲਈ ਲੋਕ ਘੱਟ ਦੇਖੇ ਗਏ। ਇਸ ਪੰਜਾਬ ਬੰਦ ਦੌਰਾਨ ਕਈ ਲੋਕ ਆਪਣੇ ਵਾਹਨਾਂ ’ਤੇ ਸਫਰ ਕਰਦੇ ਦੇਖੇ ਗਏ। ਲੋਕਾਂ ਨੇ ਵੀ ਪੰਜਾਬ ਸਰਕਾਰ ਨੂੰ ਸਫਾਈ ਸੇਵਕਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਗੁਹਾਰ ਲਗਾਈ।