ਮੀਰਥਲ ਸਥਿਤ ਬਿਜਲੀ ਘਰ ਦੀ ਇਮਾਰਤ ਦੀ ਹਾਲਤ ਖਸਤਾ
* ਕਰਮਚਾਰੀਆਂ ਦੀ ਜਾਨ ਨੂੰ ਵੱਡਾ ਖ਼ਤਰਾ
ਪਠਾਨਕੋਟ, 5 ਅਗਸਤ (ਸੁਮਿਤ)-ਪਠਾਨਕੋਟ ਦੇ ਮੀਰਥਲ ਸਥਿਤ ਬਿਜਲੀ ਘਰ ਦੀ ਇਮਾਰਤ ਦੀ ਖਸਤਾ ਹਾਲਤ ਕਰਮਚਾਰੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ । ਕਈ ਸਾਲ ਪੁਰਾਣੀ ਇਸ ਇਮਾਰਤ ਦੀਆਂ ਕੰਧਾਂ ’ਚ ਦਰਾਰਾਂ ਪੈ ਚੁੱਕੀਆਂ ਹਨ, ਜਦਕਿ ਕਈ ਥਾਵਾਂ ਤੋਂ ਛੱਤ ਦਾ ਪਲਾਸਟਰ ਵੀ ਝੜ ਰਿਹਾ ਹੈ ।
ਪਠਾਨਕੋਟ, 5 ਅਗਸਤ (ਸੁਮਿਤ)-ਪਠਾਨਕੋਟ ਦੇ ਮੀਰਥਲ ਸਥਿਤ ਬਿਜਲੀ ਘਰ ਦੀ ਇਮਾਰਤ ਦੀ ਖਸਤਾ ਹਾਲਤ ਕਰਮਚਾਰੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ । ਕਈ ਸਾਲ ਪੁਰਾਣੀ ਇਸ ਇਮਾਰਤ ਦੀਆਂ ਕੰਧਾਂ ’ਚ ਦਰਾਰਾਂ ਪੈ ਚੁੱਕੀਆਂ ਹਨ, ਜਦਕਿ ਕਈ ਥਾਵਾਂ ਤੋਂ ਛੱਤ ਦਾ ਪਲਾਸਟਰ ਵੀ ਝੜ ਰਿਹਾ ਹੈ । ਅਜਿਹੇ ਹਲਾਤ ’ਚ ਇੱਥੇ ਡਿਊਟੀ ਨਿਭਾਅ ਰਹੇ ਕਰਮਚਾਰੀਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ । ਕਰਮਚਾਰੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ’ਚ ਇਮਾਰਤ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ । ਛੱਤ ਤੋਂ ਪਾਣੀ ਟਪਕਣ ਕਾਰਨ ਦਫ਼ਤਰ ਅੰਦਰ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ । ਇਮਾਰਤ ਦੀ ਕਮਜ਼ੋਰ ਹੋ ਰਹੀ ਬਣਤਰ ਕਾਰਨ ਕਰਮਚਾਰੀਆਂ ਨੂੰ ਹਰ ਵੇਲੇ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ । ਕਰਮਚਾਰੀਆਂ ਮੁਤਾਬਿਕ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਅਜੇ ਤੱਕ ਨਾ ਤਾਂ ਇਮਾਰਤ ਦੀ ਮੁਰੰਮਤ ਕਰਵਾਈ ਗਈ ਹੈ ਤੇ ਨਾ ਹੀ ਨਵੀਂ ਇਮਾਰਤ ਬਣਾਉਣ ਲਈ ਕੋਈ ਠੋਸ ਕਦਮ ਚੁੱਕਿਆ ਗਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਵਰਗੀ ਅਹਿਮ ਸੇਵਾ ਦੇਣ ਵਾਲੇ ਕਰਮਚਾਰੀ ਅਸੁਰੱਖਿਅਤ ਮਾਹੌਲ ਵਿਚ ਕੰਮ ਕਰਨ ਲਈ ਮਜਬੂਰ ਹਨ । ਕਰਮਚਾਰੀਆਂ ਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੀਰਥਲ ਬਿਜਲੀ ਘਰ ਦੀ ਇਮਾਰਤ ਦਾ ਤੁਰੰਤ ਤਕਨੀਕੀ ਮੁਆਇਨਾ ਕਰਵਾਇਆ ਜਾਵੇ ਤੇ ਜਲਦ ਤੋਂ ਜਲਦ ਇਸ ਦੀ ਮੁਰੰਮਤ ਜਾਂ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ ਜਾਵੇ, ਤਾਂ ਜੋ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ।