19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਆਂਢੀ ਹੀ ਨਿਕਲਿਆ 65 ਸਾਲਾ ਬਜ਼ੁਰਗ ਮਹਿਲਾ ਦਾ ਹਤਿਆਰਾ ਪੁਲਿਸ ਨੇ ਕੁਝ ਹੀ ਘੰਟਿਆਂ ’ਚ ਸੁਲਝਾਈ ਅੰਨ੍ਹੇ ਹੱਤਿਆਕਾਂਡ ਦੀ ਗੁੱਥੀ

ਪਠਾਨਕੋਟ, 18 ਅਗਸਤ (ਸੰਧੂ/ਸੁਮਿਤ/ਵਿਨੋਦ)-ਪਠਾਨਕੋਟ ਸ਼ਹਿਰ ਦੇ ਵਾਰਡ ਨੰਬਰ-15 ਅਧੀਨ ਆਉਂਦੇ ਮੁਹੱਲਾ ਘਰਥੌਲੀ ਵਿਚ ਰਾਮਲੀਲ੍ਹਾ ਗਰਾਊਂਡ ਦੇ ਸਾਹਮਣੇ ਬੀਤੀ ਰਾਤ 65 ਸਾਲਾ ਬਜ਼ੁਰਗ ਮਹਿਲਾ ਆਸ਼ਾ ਮਹਾਜਨ ਦੀ ਹੋਈ ਬੇਰਹਿਮੀ ਨਾਲ ਹੱਤਿਆ ਦੀ ਗੁੱਥੀ ਪੁਲਿਸ ਨੇ ਕੁਝ ਹੀ ਘੰਟਿਆਂ ’ਚ ਸੁਲਝਾਉਂਦਿਆਂ ਮ੍ਰਿਤਕਾ ਦੇ ਗੁਆਂਢ ’ਚ ਰਹਿੰਦੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ । ਮੁਲਜ਼ਮ ਦੀ ਪਹਿਚਾਣ ਵਰੁਣ ਕੁਮਾਰ ਵਜੋਂ ਹੋਈ ਹੈ ।

ਸੋਨੇ ਦਾ ਕੜਾ, ਹਥਿਆਰ ਤੇ ਸੀ. ਸੀ. ਟੀ. ਵੀ. ਦਾ ਡੀ. ਵੀ. ਆਰ. ਬਰਾਮਦ 19-08-2026
ਪਠਾਨਕੋਟ, 18 ਅਗਸਤ (ਸੰਧੂ/ਸੁਮਿਤ/ਵਿਨੋਦ)-ਪਠਾਨਕੋਟ ਸ਼ਹਿਰ ਦੇ ਵਾਰਡ ਨੰਬਰ-15 ਅਧੀਨ ਆਉਂਦੇ ਮੁਹੱਲਾ ਘਰਥੌਲੀ ਵਿਚ ਰਾਮਲੀਲ੍ਹਾ ਗਰਾਊਂਡ ਦੇ ਸਾਹਮਣੇ ਬੀਤੀ ਰਾਤ 65 ਸਾਲਾ ਬਜ਼ੁਰਗ ਮਹਿਲਾ ਆਸ਼ਾ ਮਹਾਜਨ ਦੀ ਹੋਈ ਬੇਰਹਿਮੀ ਨਾਲ ਹੱਤਿਆ ਦੀ ਗੁੱਥੀ ਪੁਲਿਸ ਨੇ ਕੁਝ ਹੀ ਘੰਟਿਆਂ ’ਚ ਸੁਲਝਾਉਂਦਿਆਂ ਮ੍ਰਿਤਕਾ ਦੇ ਗੁਆਂਢ ’ਚ ਰਹਿੰਦੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ । ਮੁਲਜ਼ਮ ਦੀ ਪਹਿਚਾਣ ਵਰੁਣ ਕੁਮਾਰ ਵਜੋਂ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਵਾਰਦਾਤ ਸਮੇਂ ਆਸ਼ਾ ਮਹਾਜਨ ਪਤਨੀ ਸੁਭਾਸ਼ ਚੰਦਰ ਮਹਾਜਨ ਘਰ ’ਚ ਇਕੱਲੀ ਸੀ, ਜਦਕਿ ਉਸ ਦੇ ਪਤੀ ਤੇ ਪੁੱਤਰ ਦੁਕਾਨ ’ਤੇ ਗਏ ਹੋਏ ਸਨ ਕਿ ਇਸ ਦੌਰਾਨ ਘਰ ਦੇ ਅੰਦਰੋਂ ਆਸ਼ਾ ਮਹਾਜਨ ਦੀਆਂ ਚੀਖਾਂ ਤੇ ਰੋਣ ਦੀਆਂ ਆਵਾਜ਼ਾਂ ਸੁਣ ਕੇ ਆਲੇ ਦੁਆਲੇ ਦੇ ਲੋਕ ਗਲੀ ਵਿਚ ਇਕੱਠੇ ਹੋ ਗਏ । ਘਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਹੋਣ ਕਾਰਨ ਮੁਹੱਲਾ ਵਾਸੀਆਂ ਨੇ ਉਸ ਦੇ ਪਤੀ ਨੂੰ ਮੌਕੇ ’ਤੇ ਬੁਲਾਇਆ ਤੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ । ਅੰਦਰ ਆਸ਼ਾ ਮਹਾਜਨ ਗੰਭੀਰ ਜ਼ਖ਼ਮੀ ਹਾਲਤ ਵਿਚ ਪਈ ਮਿਲੀ । ਉਸ ਦੇ ਸਿਰ ’ਤੇ ਭਾਰੀ ਲੋਹੇ ਦੀ ਰਾਡ ਨਾਲ ਹਮਲਾ ਕਰਨ ਤੇ ਚਿਹਰੇ ਤੇ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਸਨ । ਮੁਹੱਲਾ ਵਾਸੀਆਂ ਨੇ ਉਸ ਨੂੰ ਤੁਰੰਤ ਨਿੱਜੀ ਵਾਹਨ ਰਾਹੀਂ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ । ਵਾਰਦਾਤ ਤੋਂ ਬਾਅਦ ਹਮਲਾਵਰ ਘਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਤੇ ਉਨ੍ਹਾਂ ਦੀ ਰਿਕਾਰਡਿੰਗ ਵਾਲਾ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਿਆ ਸੀ । ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. ਜਗਦੀਸ਼ ਰਾਜ ਅੱਤਰੀ ਸਮੇਤ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ । ਪੁਲਿਸ ਨੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ ਤੇ ਕੁਝ ਹੀ ਘੰਟਿਆਂ ਵਿਚ ਵਰੁਣ ਕੁਮਾਰ ਨੂੰ ਕਾਬੂ ਕਰ ਲਿਆ । ਪੁਲਿਸ ਵਲੋਂ ਮੁਲਜ਼ਮ ਦੇ ਕਬਜ਼ੇ ’ਚੋਂ ਹੱਤਿਆ ’ਚ ਵਰਤਿਆ ਗਿਆ ਤੇਜ਼ਧਾਰ ਹਥਿਆਰ, ਚੋਰੀ ਕੀਤਾ ਗਿਆ ਸੋਨੇ ਦਾ ਕੜਾ, ਘਰ ’ਚੋਂ ਲਾਪਤਾ ਕੀਤਾ ਗਿਆ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਤੇ ਵਾਰਦਾਤ ਸਮੇਂ ਪਹਿਨੇ ਹੋਏ ਕੱਪੜੇ ਬਰਾਮਦ ਕੀਤੇ ਗਏ ਹਨ । ਪੁਲਿਸ ਅਨੁਸਾਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਸ਼ੱਕ ਤੋਂ ਬਚਣ ਲਈ ਮੁਹੱਲੇ ਵਿਚ ਆਮ ਲੋਕਾਂ ਵਾਂਗ ਖੜ੍ਹਾ ਰਿਹਾ ਤਾਂ ਜੋ ਕਿਸੇ ਨੂੰ ਉਸ ’ਤੇ ਸ਼ੱਕ ਨਾ ਹੋਵੇ । ਐਸ.ਐਸ.ਪੀ. ਆਦਿੱਤਿਆ ਨੇ ਦੱਸਿਆ ਕਿ ਮੁਲਜ਼ਮ ਦਾ ਕੋਈ ਪੁਰਾਣਾ ਅਪਰਾਧਿਕ ਪਿਛੋਕੜ ਹਾਲੇ ਸਾਹਮਣੇ ਨਹੀਂ ਆਇਆ । ਮੁਲਜ਼ਮ ਦਾ ਡਾਕਟਰੀ ਮੁਆਇੰਨਾ ਕਰਵਾਇਆ ਜਾ ਰਿਹਾ ਹੈ ਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਹਿਰਾਸਤ ਹਾਸਲ ਕੀਤੀ ਜਾਵੇਗੀ । ਹਿਰਾਸਤ ਦੌਰਾਨ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਹੱਤਿਆਕਾਂਡ ਪਿੱਛੇ ਅਸਲ ਕਾਰਨ ਕੀ ਸੀ ਤੇ ਕੀ ਇਸ ’ਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਜਾਂ ਕੋਈ ਸਾਜ਼ਿਸ਼ ਤਾਂ ਨਹੀਂ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਰੁਣ ਕੁਮਾਰ ਨਸ਼ੇ ਦੀ ਆਦਤ ਵਾਲਾ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਨਸ਼ੇ ਦੀ ਪੂਰਤੀ ਲਈ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੋ ਸਕਦਾ ਹੈ । ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਦੇ ਅਸਲ ਕਾਰਨਾਂ ਦਾ ਪਤਾ ਮੁਲਜ਼ਮ ਤੋਂ ਪੁੱਛਗਿੱਛ ਤੋਂ ਬਾਅਦ ਹੀ ਲੱਗੇਗਾ ਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਪਿਛਲੀ ਖ਼ਬਰ ਸੰਤੋਸ਼ ਦੇਵੀ ਦਿਹਾਤੀ ਹਲਕਾ ਪ੍ਰਧਾਨ ਬਣੀ ਅਗਲੀ ਖ਼ਬਰ ਸਿੰਜਾਈ ਵਿਭਾਗ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂਅ ’ਤੇ ਕੀਤੇ ਗਏ ਭੇਦਭਾਵ ਸੰਬੰਧੀ ਸਰਕਾਰ ਨੂੰ ਕਰਵਾਇਆ ਜਾਵੇਗਾ ਜਾਣੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।