ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਨੇ ਆਰੀਆ ਸਮਾਜ ਦੇ ਪ੍ਰੇਰਨਾ ਸਰੋਤ ਅਤੇ ਮਹਾਨ ਸੰਤ ਮਹਾਤਮਾ ਆਨੰਦ ਸਵਾਮੀ ਦੀ ਬਰਸੀ ਸ਼ਰਧਾ ਅਤੇ ਵੈਦਿਕ ਪਰੰਪਰਾਵਾਂ ਨਾਲ ਮਨਾਈ। ਇਸ ਮੌਕੇ ਸਕੂਲ ਵਿਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ। ਭਾਸ਼ਣਾਂ ਰਾਹੀਂ ਵਿਦਿਆਰਥੀਆਂ ਨੇ ਮਹਾਤਮਾ ਆਨੰਦ ਸਵਾਮੀ ਦੇ ਜੀਵਨ, ਮਹਾਨ ਸ਼ਖਸੀਅਤ, ਅਧਿਆਤਮਿਕ ਵਿਚਾਰਾਂ ਅਤੇ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ’ਤੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਸਾਰਿਆਂ ਨੂੰ ਸੱਚ, ਨੈਤਿਕਤਾ, ਅਨੁਸ਼ਾਸਨ ਅਤੇ ਮਨੁੱਖੀ ਭਲਾਈ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਵਿਸ਼ੇਸ਼ ਹਵਨ ਯੱਗ ਵਿਚ ਵੈਦਿਕ ਮੰਤਰਾਂ ਦੇ ਜਾਪ ਵਿਚਕਾਰ ਆਹੂਤੀਆਂ ਭੇਟ ਕੀਤੀਆਂ ਅਤੇ ਵਿਸ਼ਵ ਭਲਾਈ, ਖੁਸ਼ੀ, ਸ਼ਾਂਤੀ ਤੇ ਖੁਸ਼ਹਾਲੀ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ। ਵੈਦਿਕ ਮੰਤਰਾਂ ਦੀ ਪਵਿੱਤਰ ਧੁਨੀ ਨਾਲ ਪੂਰਾ ਮਾਹੌਲ ਅਧਿਆਤਮਿਕ ਅਤੇ ਸਕਾਰਾਤਮਕ ਊਰਜਾ ਨਾਲ ਭਰ ਗਿਆ। ਸਕੂਲ ਦੇ ਪ੍ਰਿੰਸੀਪਲ ਰਾਜੀਵ ਭਾਰਤੀ ਨੇ ਵਿਦਿਆਰਥੀਆਂ ਅਤੇ ਸਮੁੱਚੇ ਸਕੂਲ ਪਰਿਵਾਰ ਨੂੰ ਇਕ ਸੰਦੇਸ਼ ਰਾਹੀਂ ਮਹਾਤਮਾ ਆਨੰਦ ਸਵਾਮੀ ਦੇ ਆਦਰਸ਼ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਮਹਾਂਪੁਰਖਾਂ ਦੇ ਜੀਵਨ ਸਾਨੂੰ ਸੱਚਾਈ, ਨੈਤਿਕਤਾ, ਸੇਵਾ, ਤਿਆਗ ਅਤੇ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਸ਼ਾਮਿਲ ਕਰਕੇ ਹੀ ਅਸੀਂ ਇਕ ਆਦਰਸ਼ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾ ਸਕਦੇ ਹਾਂ।