08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪਿੰਡ ਜਾਮਣ ਵਿਖੇ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਦੀ ਸੇਵਾ ਹੋਈ ਸ਼ੁਰੂ-ਜਥੇਦਾਰ ਜਾਮਣੀਆ

ਅਜੀਤ ਡੈਸਕ 31-01-2026
ਅਬੋਹਰ, 30 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਇਤਿਹਾਸਿਕ ਪਿੰਡ ਜਾਮਣ ਵਿਖੇ ਇਤਿਹਾਸਿਕ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਦੀ ਸੇਵਾ ਸ਼ੁਰੂ ਹੋ ਗਈ ਹੈ | ਇਸ ਸੰਬੰਧੀ ਪਾਕਿਸਤਾਨ ਦੇ ਧਾਰਮਿਕ ਦੌਰੇ 'ਤੇ ਗਏ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ ਨੇ ਦੱਸਿਆ ਕਿ ਇਸ ਅਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਵਾਰੀ ਆਏ ਜਦ ਕਿ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇਣ ਅੰਮਿ੍ਤਸਰ ਤੋਂ ਲਾਹੌਰ ਗਏ ਅਤੇ ਰਸਤੇ 'ਚ ਰਾਤ ਇਥੇ ਠਹਿਰੇ ਸਨ | ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਪਿੰਡ 'ਚ ਗੁਰਦੁਆਰਾ ਬਣਵਾਇਆ ਅਤੇ ਇਕ ਸਰੋਵਰ ਵੀ ਤਿਆਰ ਕਰਵਾਇਆ | ਜਥੇਦਾਰ ਜਾਮਣੀਆ ਨੇ ਦੱਸਿਆ ਕਿ ਜਾਮਣ ਪਿੰਡ ਦੇ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੋ ਗਈ ਸੀ | ਜਿਸ ਤਹਿਤ ਉਨ੍ਹਾਂ ਬੀਤੇ ਦਿਨੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਤੀਜੀ ਵਾਰ ਨਨਕਾਣਾ ਸਾਹਿਬ ਜਥੇ ਦੇ ਨਾਲ ਗਏ ਤੇ ਉਥੋਂ ਦੇ ਬੋਰਡ ਅਤੇ ਪਾਕਿਸਤਾਨ ਸਰਕਾਰ ਦੇ ਮੰਤਰੀ ਨੂੰ ਇਸ ਬਾਰੇ ਜਾਣੂ ਕਰਵਾਉਂਦੇ ਹੋਏ ਗੁਰੂ ਘਰ ਦੀ ਇਮਾਰਤ ਦੀ ਸੇਵਾ ਲਈ ਅਪੀਲ ਵੀ ਕੀਤੀ | ਪਾਕਿਸਤਾਨ ਮੰਤਰੀ ਤੇ ਬੋਰਡ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਗੁਰੂ ਘਰ ਦੀ ਸੇਵਾ ਜਲਦੀ ਸ਼ੁਰੂ ਕਰਾਂਗੇ | ਉਨ੍ਹਾਂ ਪਾਕਿਸਤਾਨ ਸਰਕਾਰ ਤੇ ਬੋਰਡ ਦਾ ਗੁਰਦੁਆਰਾ ਰੋੜੀ ਸਾਹਿਬ ਦੀ ਤਿੰਨ ਮੰਜ਼ਲੀ ਇਮਾਰਤ ਤੇ ਸਰੋਵਰ ਦੀ ਸੇਵਾ ਸ਼ੁਰੂ ਕਰਵਾਉਣ 'ਤੇ ਧੰਨਵਾਦ ਕੀਤਾ | ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ ਨੇ ਅਪੀਲ ਕੀਤੀ ਕਿ ਜਿੱਥੇ ਵੀ ਕੋਈ ਆਪਣੇ ਜਾਮਣ ਪਿੰਡ ਦਾ ਵਸਨੀਕ ਪੰਜਾਬ 'ਚ ਰਹਿੰਦਾ ਹੈ, ਉਹ ਰਲ-ਮਿਲ ਕੇ ਸਰਕਾਰ ਦਾ ਧੰਨਵਾਦ ਕਰਨ ਤੇ ਜੋ ਸੇਵਾ ਰਹਿ ਜਾਵੇ ਉਹ ਸੁਚਾਰੂ ਢੰਗ ਨਾਲ ਰਲ ਮਿਲ ਕੇ ਨੇਪਰੇ ਚੜ੍ਹਾਈਏ |
ਪਿਛਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਅਬੋਹਰ ਦੇ ਸੀਤੋ ਬਾਈਪਾਸ ਓਵਰਬਿ੍ਜ ਹੇਠ ਚੈਂਬਰ ਦੀ ਸਮੱਸਿਆ ਦਾ ਹੋਇਆ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।