ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਵਿਸ਼ਵ ਦਾਲਾਂ ਦਿਵਸ-2026 ਦੇ ਮੌਕੇ ਕਿਸਾਨਾਂ ਨੂੰ ਦਾਲਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਸ੍ਰੀਮਤੀ ਹਰਪ੍ਰੀਤਪਾਲ ਕੌਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀ ਡਾ.ਜਗਦੀਸ਼ ਅਰੋੜਾ ਅਤੇ ਬਲਾਕ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਵਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ | ਮੁੱਖ ਖੇਤੀਬਾੜੀ ਅਫ਼ਸਰ ਸ੍ਰੀਮਤੀ ਹਰਪ੍ਰੀਤਪਾਲ ਕੌਰ ਨੇ ਦਾਲਾਂ ਦੀ ਖੇਤੀ ਦੀ ਮਹੱਤਤਾ ਉੱਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਦਾਲਾਂ ਨਾ ਸਿਰਫ਼ ਪ੍ਰੋਟੀਨ ਦਾ ਮੁੱਖ ਸਰੋਤ ਹਨ ਸਗੋਂ ਇਹ ਮਿੱਟੀ ਦੀ ਉਰਵਰਤਾ ਵਧਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਦਾਲਾਂ ਦੀ ਖੇਤੀ ਨਾਲ ਨਾਈਟਰੋਜਨ ਸਥਿਰਤਾ ਹੋਣ ਕਰਕੇ ਰਸਾਇਣਿਕ ਖਾਦਾਂ ਦੀ ਲੋੜ ਘਟਦੀ ਹੈ, ਜਿਸ ਨਾਲ ਖਰਚਾ ਵੀ ਘਟਦਾ ਹੈ ਅਤੇ ਮਿੱਟੀ ਦੀ ਸਿਹਤ ਸੁਧਰਦੀ ਹੈ | ਡਾ.ਜਗਦੀਸ਼ ਅਰੋੜਾ ਨੇ ਦੱਸਿਆ ਕਿ ਭਾਰਤ ਵਿਚ ਦਾਲਾਂ ਦੀ ਮੰਗ ਲਗਾਤਾਰ ਵਧ ਰਹੀ ਹੈ, ਪਰ ਉਤਪਾਦਨ ਘੱਟ ਹੋਣ ਕਾਰਨ ਦੇਸ਼ ਨੂੰ ਵੱਡੀ ਮਾਤਰਾ ਵਿਚ ਦਾਲਾਂ ਦੀ ਆਯਾਤ ਕਰਨੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਦਾਲਾਂ ਦੀ ਖੇਤੀ ਵੱਲ ਵੱਧ ਧਿਆਨ ਦੇਣ ਤਾਂ ਦੇਸ਼ ਦੀ ਆਯਾਤ ਨਿਰਭਰਤਾ ਘਟਾਈ ਜਾ ਸਕਦੀ ਹੈ ਅਤੇ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ | ਬਲਾਕ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਬਲਦੇਵ ਸਿੰਘ ਨੇ ਪੰਜਾਬ ਲਈ ਉਚਿੱਤ ਦਾਲਾਂ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੂੰਗੀ, ਮਸਰ, ਛੋਲੇ, ਮਟਰ ਅਤੇ ਅਰਹਰ ਵਰਗੀਆਂ ਦਾਲਾਂ ਪੰਜਾਬ ਦੀ ਮਿੱਟੀ ਅਤੇ ਮੌਸਮੀ ਹਾਲਾਤਾਂ ਲਈ ਉਚਿੱਤ ਹਨ | ਉਨ੍ਹਾਂ ਕਿਸਾਨਾਂ ਨੂੰ ਫ਼ਸਲ ਚੱਕਰ ਵਿਚ ਦਾਲਾਂ ਸ਼ਾਮਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਮਿੱਟੀ ਦੀ ਉਰਵਰਤਾ ਕਾਇਮ ਰਹੇ ਅਤੇ ਪੈਦਾਵਾਰ ਵਧੇ ਜਿਵੇਂ ਕਿ ਗਰਮੀ ਦੇ ਮੌਸਮ ਵਿਚ ਮੂੰਗੀ ਦੀ ਖੇਤੀ, ਰਬੀ ਮੌਸਮ ਵਿਚ ਮਸਰ ਅਤੇ ਛੋਲੇ ਦੀ ਬਿਜਾਈਾ ਅਤੇ ਕੁੱਝ ਖੇਤਰਾਂ ਵਿਚ ਅਰਹਰ ਦੀ ਖੇਤੀ ਕਰਕੇ ਕਿਸਾਨ ਘੱਟ ਲਾਗਤ ਵਿਚ ਵਧੀਆ ਲਾਭ ਪ੍ਰਾਪਤ ਕਰ ਸਕਦੇ ਹਨ | ਅੰਤ ਵਿਚ ਕਿਸਾਨਾਂ ਨੂੰ ਦਾਲਾਂ ਦੀ ਖੇਤੀ ਅਪਣਾਉਣ ਅਤੇ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਸਿਫ਼ਾਰਸ਼ਾਂ ਅਨੁਸਾਰ ਬਿਜਾਈਾ ਅਤੇ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ |