ਫ਼ਾਜ਼ਿਲਕਾ, 12 ਫਰਵਰੀ (ਦਵਿੰਦਰ ਪਾਲ ਸਿੰਘ)-ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਤਣਾਅ ਮੁਕਤ ਕਰਨ ਲਈ ਭਾਰਤ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ 'ਟੈਲੀ-ਮਾਨਸ' ਪ੍ਰੋਜੈਕਟ ਮੀਲ ਪੱਥਰ ਸਾਬਤ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਇੱਕ ਟੋਲ-ਫਰੀ ਹੈਲਪ ਲਾਈਨ ਸੇਵਾ ਹੈ, ਜੋ ਪੂਰੇ ਭਾਰਤ ਵਿਚ 24 ਘੰਟੇ ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ | ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਟੋਲ-ਫਰੀ ਨੰਬਰ ਰਾਹੀਂ ਇਸ ਸੇਵਾ ਦਾ ਲਾਭ ਉਠਾ ਸਕਦਾ ਹੈ | ਇਹ ਸੇਵਾ 20 ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹੈ ਅਤੇ ਕਾਲ ਕਰਨ ਵਾਲੇ ਮਰੀਜ਼ ਦੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਵਿਚ ਟੈਲੀ-ਮਾਨਸ ਰਾਹੀਂ 35,000 ਤੋਂ ਵੱਧ ਕਾਲਾਂ ਅਟੈਂਡ ਕਰਕੇ ਲੋਕਾਂ ਦੀ ਮਦਦ ਕੀਤੀ ਗਈ ਹੈ | ਇਸ ਮੌਕੇ ਮਨੋਵਿਗਿਆਨੀ ਡਾ. ਮਹੇਸ਼ ਅਤੇ ਡਾ.ਪਿਕਾਕਸ਼ੀ ਨੇ ਦੱਸਿਆ ਕਿ ਟੈਲੀ-ਮਾਨਸ ਦੀ ਆਪਣੀ ਮੋਬਾਈਲ ਐਪ ਵੀ ਹੈ | ਇਸ ਰਾਹੀਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਦਾ ਤਣਾਅ, ਡਿਪਰੈਸ਼ਨ, ਵਿੱਤੀ ਅਤੇ ਪਰਿਵਾਰਕ ਮੁੱਦਿਆਂ 'ਤੇ ਮਾਹਿਰ ਡਾਕਟਰਾਂ, ਸਮਾਜ ਸੇਵਕਾਂ ਅਤੇ ਮਨੋਵਿਗਿਆਨੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਸਕਦਾ ਹੈ | ਲੋੜ ਪੈਣ 'ਤੇ ਵੀਡੀਓ ਕਾਲ ਰਾਹੀਂ ਦਵਾਈਆਂ ਬਾਰੇ ਜਾਣਕਾਰੀ ਅਤੇ ਵਿਅਕਤੀਗਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਦਿਵੇਸ਼ ਕੁਮਾਰ ਅਤੇ ਰੋਹਿਤ ਵੀ ਹਾਜ਼ਰ ਸਨ |